ਜਲੰਧਰ, 18 ਦਸੰਬਰ (ਹਿ. ਸ.) ਕੇ.ਐਮ.ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੇ ਵਿਦਿਆਰਥੀ ਵਿੱਦਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਰੌਸ਼ਨ ਕਰ ਰਹੇ ਹਨ। ਇਸੇ ਲੜੀ ਵਿੱਚ ਕਾਲਜੀਏਟ ਸਕੂਲ ਦੀ ਹੈਂਡਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਅੰਤਰ ਜ਼ਿਲ੍ਹਾ ਹੈਂਡਬਾਲ ਟੂਰਨਾਮੈਂਟ ਵਿੱਚ ਚੈਂਪੀਅਨ ਬਣ ਕੇ ਸੰਸਥਾ ਦਾ ਮਾਣ ਵਧਾਇਆ। ਟੀਮ ਵੱਲੋਂ ਦਿਖਾਈ ਗਈ ਖੇਡ ਭਾਵਨਾ, ਦ੍ਰਿੜ ਇਰਾਦੇ ਅਤੇ ਲਗਨ ਦੀ ਸਮੂਹ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਹੈਂਡਬਾਲ ਟੀਮ ਨੇ ਨਵਾਂਸ਼ਹਿਰ ਵਿਖੇ ਹੋਏ ਜੂਨੀਅਰ ਰਾਜ ਪੱਧਰੀ ਟੂਰਨਾਮੈਂਟ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ। ਸਕੂਲ ਦੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਹੈਂਡਬਾਲ ਟੀਮ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਸਫਲਤਾ ਦੇ ਨਵੇਂ ਮਾਪਦੰਡ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸਾਰੇ ਖਿਡਾਰੀਆਂ ਨੂੰ ਮੁਫ਼ਤ ਸਿੱਖਿਆ, ਖਾਣਾ, ਰਹਿਣ-ਸਹਿਣ, ਆਵਾਜਾਈ, ਓਪਨ ਏਅਰ ਜਿੰਮ, ਸਵੀਮਿੰਗ ਪੂਲ, ਆਧੁਨਿਕ ਜਿਮਨੇਜ਼ੀਅਮ, ਹੈਲਥ ਕਲੱਬ, ਖੁੱਲ੍ਹੇ ਖੇਡ ਮੈਦਾਨ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜੋ ਉਨਾਂ ਨੂੰ ਅੱਗੇ ਵੱਧ ਕੇ ਮੁਕਾਮ ਹਾਸਿਲ ਕਰਨ ਵਿੱਚ ਕਾਰਗਰ ਸਾਬਤ ਹੁੰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰੀਰਕ ਸਿੱਖਿਆ ਵਿਭਾਗ ਮੁਖੀ ਡਾ. ਦਵਿੰਦਰ ਸਿੰਘ ਅਤੇ ਮੈਡਮ ਮਨਪ੍ਰੀਤ ਵੱਲੋਂ ਵਿਦਿਆਰਥਣਾਂ ਨੂੰ ਦਿੱਤੇ ਜਾ ਰਹੇ ਯੋਗ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।
ਹਿੰਦੂਸਥਾਨ ਸਮਾਚਾਰ/ ਅਸ਼ਵਨੀ /ਸੰਜੀਵ
