ਨਵੀਂ ਦਿੱਲੀ, 29 ਦਸੰਬਰ 2025:
ਪਾਰਦਰਸ਼ੀ ਅਤੇ ਨਾਗਰਿਕ ਕੇਂਦਰਿਤ ਸ਼ਾਸਨ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਦਿੱਲੀ ਸਰਕਾਰ—ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ—ਭਾਰਤੀ ਪ੍ਰੌਦਯੋਗਿਕੀ ਸੰਸਥਾਨ (IIT) ਕਾਨਪੁਰ ਦੇ ਸਹਿਯੋਗ ਨਾਲ ਇੱਕ ਆਧੁਨਿਕ ਏਆਈ ਆਧਾਰਿਤ ਇੰਟੈਲੀਜੈਂਟ ਗ੍ਰੀਵੈਂਸ ਮੋਨੀਟਰਿੰਗ ਸਿਸਟਮ (IGMS) ਸ਼ੁਰੂ ਕਰਨ ਜਾ ਰਹੀ ਹੈ।
ਇਹ ਪਹਿਲ ਮੌਜੂਦਾ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੀਤੀ ਜਾ ਰਹੀ ਹੈ, ਜਿਸਦਾ ਮੁੱਖ ਉਦੇਸ਼ ਵੱਖ-ਵੱਖ ਸ਼ਿਕਾਇਤ ਪਲੇਟਫਾਰਮਾਂ ਨੂੰ ਇੱਕ ਸਾਂਝੇ, ਸਮਰੱਥ ਅਤੇ ਡਿਜ਼ੀਟਲ ਸਿਸਟਮ ਵਿੱਚ ਜੋੜਨਾ ਹੈ। ਇਹ ਨਵਾਂ ਪਲੇਟਫਾਰਮ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਏਗਾ, ਜਵਾਬਦੇਹੀ ਵਧਾਏਗਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਵਾਰਨ ਯਕੀਨੀ ਬਣਾਏਗਾ।
ਮੌਜੂਦਾ ਸਮੇਂ ਵਿੱਚ ਦਿੱਲੀ ਦੇ ਨਾਗਰਿਕ ਆਪਣੀਆਂ ਸ਼ਿਕਾਇਤਾਂ ਵੱਖ-ਵੱਖ ਪਲੇਟਫਾਰਮਾਂ ਜਿਵੇਂ ਕਿ ਪਬਲਿਕ ਗ੍ਰੀਵੈਂਸ ਮੈਨੇਜਮੈਂਟ ਸਿਸਟਮ (PGMS), LG ਲਿਸਨਿੰਗ ਪੋਸਟ, CPGRAMS ਅਤੇ ਹੋਰ ਵਿਭਾਗੀ ਪੋਰਟਲਾਂ ਰਾਹੀਂ ਦਰਜ ਕਰਵਾਉਂਦੇ ਹਨ। ਪਰ ਇੱਕ ਸਾਂਝੀ ਪ੍ਰਣਾਲੀ ਦੀ ਕਮੀ ਕਾਰਨ ਕਈ ਵਾਰ ਸ਼ਿਕਾਇਤਾਂ ਵਿੱਚ ਦੇਰੀ, ਦੁਹਰਾਵਾਂ ਅਤੇ ਸਮਨਵਯ ਦੀ ਘਾਟ ਦੇਖੀ ਜਾਂਦੀ ਹੈ। ਨਵਾਂ ਇੰਟੈਲੀਜੈਂਟ ਗ੍ਰੀਵੈਂਸ ਮੋਨੀਟਰਿੰਗ ਸਿਸਟਮ ਇਹ ਸਮੱਸਿਆ ਦੂਰ ਕਰੇਗਾ ਅਤੇ ਸਾਰੇ ਪਲੇਟਫਾਰਮਾਂ ਨੂੰ ਇੱਕ ਕੇਂਦਰੀ ਡੈਸ਼ਬੋਰਡ ਨਾਲ ਜੋੜੇਗਾ।
IIT ਕਾਨਪੁਰ ਵੱਲੋਂ ਤਿਆਰ ਕੀਤਾ ਗਿਆ ਇਹ ਏਆਈ ਆਧਾਰਿਤ ਸਿਸਟਮ ਮਸ਼ੀਨ ਲਰਨਿੰਗ, ਸੈਮੈਂਟਿਕ ਐਨਾਲਿਸਿਸ ਅਤੇ ਡਾਟਾ ਇੰਟੈਲੀਜੈਂਸ ਵਰਗੀਆਂ ਅਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰੇਗਾ। ਇਸ ਨਾਲ ਅਧਿਕਾਰੀਆਂ ਨੂੰ ਇੱਕ ਹੀ ਡੈਸ਼ਬੋਰਡ ‘ਤੇ ਸਾਰੀਆਂ ਸ਼ਿਕਾਇਤਾਂ ਦੇਖਣ, ਉਨ੍ਹਾਂ ਦੀ ਸਥਿਤੀ ਰੀਅਲ-ਟਾਈਮ ਵਿੱਚ ਟਰੈਕ ਕਰਨ ਅਤੇ ਸਮੇਂ ਸਿਰ ਨਿਵਾਰਨ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਇਸ ਸਿਸਟਮ ਦੀ ਖਾਸ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਕੀਵਰਡ ਦੀ ਬਜਾਇ ਅਰਥ ਅਧਾਰਿਤ ਖੋਜ (Semantic Search) ਕਰੇਗਾ, ਜਿਸ ਨਾਲ ਸ਼ਿਕਾਇਤਾਂ ਦੀ ਪਹਿਚਾਣ ਹੋਰ ਸਹੀ ਅਤੇ ਤੇਜ਼ ਹੋਵੇਗੀ।
ਨਵੇਂ ਸਿਸਟਮ ਵਿੱਚ ਆਟੋਮੈਟਿਕ ਵਿਭਾਗ ਵੰਡ, ਮੁੜ-ਮੁੜ ਆਉਣ ਵਾਲੀਆਂ ਸਮੱਸਿਆਵਾਂ ਦੀ ਪਛਾਣ ਲਈ ਰੂਟ ਕਾਜ਼ ਐਨਾਲਿਸਿਸ, ਵਿਭਾਗਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ, ਅਤੇ ਗੈਰ-ਵਾਜਬ ਸ਼ਿਕਾਇਤਾਂ ਨੂੰ ਛਾਂਟਣ ਲਈ ਸਪੈਮ ਫਿਲਟਰ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹੋਣਗੀਆਂ। OCR ਤਕਨਾਲੋਜੀ ਦੀ ਮਦਦ ਨਾਲ ਹੱਥ ਨਾਲ ਲਿਖੇ ਜਾਂ ਸਕੈਨ ਕੀਤੇ ਦਸਤਾਵੇਜ਼ਾਂ ਨੂੰ ਵੀ ਡਿਜ਼ੀਟਲ ਰੂਪ ਵਿੱਚ ਪ੍ਰਕਿਰਿਆ ਕੀਤੀ ਜਾ ਸਕੇਗੀ।
IIT ਕਾਨਪੁਰ ਇਸ ਪ੍ਰੋਜੈਕਟ ਦੇ ਤਹਿਤ ਸਿਸਟਮ ਇੰਟੀਗ੍ਰੇਸ਼ਨ, ਸਾਇਬਰ ਸੁਰੱਖਿਆ ਆਡਿਟ, ਵਲਨਰੇਬਿਲਟੀ ਅਸੈਸਮੈਂਟ, ਪੇਨੇਟ੍ਰੇਸ਼ਨ ਟੈਸਟਿੰਗ ਅਤੇ ਲੰਬੇ ਸਮੇਂ ਦੀ ਤਕਨੀਕੀ ਦੇਖਭਾਲ ਦੀ ਜ਼ਿੰਮੇਵਾਰੀ ਨਿਭਾਏਗਾ। ਇਹ ਸਿਸਟਮ ਡਾਟਾ ਸੁਰੱਖਿਆ, ਭਰੋਸੇਯੋਗਤਾ ਅਤੇ ਭਵਿੱਖ ਵਿੱਚ ਵਧ ਰਹੀਆਂ ਸ਼ਿਕਾਇਤਾਂ ਦੇ ਭਾਰ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ।
ਇਸ ਮੌਕੇ ‘ਤੇ ਆਈਟੀ ਮੰਤਰੀ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਪ੍ਰਸ਼ਾਸਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਜਨ-ਕੇਂਦਰਿਤ ਬਣਾਉਣ ਲਈ ਅਧੁਨਿਕ ਤਕਨਾਲੋਜੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਏਆਈ ਆਧਾਰਿਤ ਇਹ ਸਿਸਟਮ ਨਾਗਰਿਕਾਂ ਅਤੇ ਸਰਕਾਰੀ ਅਧਿਕਾਰੀਆਂ ਦੋਵਾਂ ਨੂੰ ਸਸ਼ਕਤ ਬਣਾਏਗਾ, ਪਾਰਦਰਸ਼ਿਤਾ ਵਧਾਏਗਾ ਅਤੇ ਫੈਸਲਾ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਣਾਲੀ ਸਿਰਫ਼ ਇੱਕ ਤਕਨੀਕੀ ਸੁਧਾਰ ਨਹੀਂ, ਸਗੋਂ ਸਰਕਾਰ ਅਤੇ ਨਾਗਰਿਕਾਂ ਵਿਚਕਾਰ ਭਰੋਸਾ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਹਰ ਸ਼ਿਕਾਇਤ ਦੀ ਪਛਾਣ, ਵਿਸ਼ਲੇਸ਼ਣ ਅਤੇ ਸਮੇਂ ਸਿਰ ਨਿਵਾਰਨ ਰਾਹੀਂ ਸਰਕਾਰ ਲੋਕ ਸੇਵਾ ਦੀ ਗੁਣਵੱਤਾ ਨੂੰ ਨਵੀਂ ਉਚਾਈ ‘ਤੇ ਲੈ ਜਾਣਾ ਚਾਹੁੰਦੀ ਹੈ।
ਇਹ ਏਆਈ ਆਧਾਰਿਤ ਪ੍ਰਣਾਲੀ ਦਿੱਲੀ ਦੀ ਡਿਜ਼ੀਟਲ ਗਵਰਨੈਂਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ ਅਤੇ ਸਰਕਾਰ ਦੀ ਸਮਾਵੇਸ਼ੀ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਦੀ ਦ੍ਰਿਸ਼ਟੀ ਨੂੰ ਦਰਸਾਉਂਦੀ ਹੈ।
