ਨਾਗਪੁਰ, 22 ਅਕਤੂਬਰ (ਹਿ.ਸ.)। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਖੱਬੇ ਪੱਖੀ ਆਗੂਆਂ ਦੀ ਮਦਦ ਨਾਲ ਆਪਣੇ ਵਰਕਰਾਂ ਨੂੰ ਸਿਖਲਾਈ ਦੇ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਨਾਗਪੁਰ ਸਮੇਤ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹੇ ਸਿਖਲਾਈ ਪ੍ਰੋਗਰਾਮ ਚੱਲ ਰਹੇ ਹਨ। ਕਮਿਊਨਿਸਟ ਅਤੇ ਕਾਂਗਰਸ ਦੇ ਅਜਿਹੇ ਗਠਜੋੜ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਂਗਰਸ ‘ਤੇ ਸ਼ਹਿਰੀ ਨਕਸਲੀਆਂ ਦਾ ਕੰਟਰੋਲ ਹੋਣ ਦਾ ਦੋਸ਼ ਇਕ ਵਾਰ ਫਿਰ ਸਿਆਸੀ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ 25 ਸਤੰਬਰ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਰੈਲੀ ਵਿੱਚ ਕਿਹਾ ਸੀ ਕਿ ਕਾਂਗਰਸ ਇੱਕ ਕੰਪਨੀ ਬਣ ਗਈ ਹੈ ਅਤੇ ਪਾਰਟੀ ਨੇ ਨੀਤੀਆਂ, ਵਿਚਾਰਾਂ ਅਤੇ ਯੋਜਨਾਵਾਂ ਨੂੰ ਆਊਟਸੋਰਸ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਸੀ ਕਿ ਸ਼ਹਿਰੀ ਨਕਸਲੀ ਕਾਂਗਰਸ ਨੂੰ ਚਲਾ ਰਹੇ ਹਨ। ਖੱਬੇ ਪੱਖੀਆਂ ਰਾਹੀਂ ਕਾਂਗਰਸੀਆਂ ਦੀ ਸਿਖਲਾਈ ਪ੍ਰਧਾਨ ਮੰਤਰੀ ਦੇ ਦੋਸ਼ਾਂ ਨੂੰ ਬਲ ਦਿੰਦੀ ਹੈ। ਕਈ ਕਾਂਗਰਸੀ ਆਗੂ ਤਾਂ ਧੀਮੀ ਆਵਾਜ਼ ਵਿਚ ਇਹ ਵੀ ਕਹਿ ਦਿੰਦੇ ਹਨ ਕਿ ਕਾਂਗਰਸ ਦਾ ‘ਭਾਰਤ ਜੋੜੋ ਅਭਿਆਨ’ ਖੱਬੇ ਪੱਖੀ ਸੋਚ ‘ਤੇ ਆਧਾਰਿਤ ਸੀ।
ਕਾਂਗਰਸ ਅਹੁਦੇਦਾਰਾਂ ਨੇ ਦੱਸਿਆ ਹੈ ਕਿ ਤੁਸ਼ਾਰ ਗਾਂਧੀ ਅਤੇ ਯੋਗੇਂਦਰ ਯਾਦਵ ਨੇ ਨਾਗਪੁਰ ਦੇ ਕਸਤੂਰਬਾ ਭਵਨ ‘ਚ ਕਾਂਗਰਸੀ ਅਹੁਦੇਦਾਰਾਂ ਦੀ ਕਾਊਂਸਲਿੰਗ ਕੀਤੀ ਹੈ। ਇਸ ਦੌਰਾਨ ਕਾਂਗਰਸ ਦੀ ਭਾਰਤ ਜੋੜੋ ਮੁਹਿੰਮ ਤਹਿਤ ‘ਲੋਕ ਸਭਾ ਮਿਸ਼ਨ 24’ ਨਾਮ ਦੀ ਸਿਖਲਾਈ ਕਲਾਸ ਨੂੰ ਲੈ ਕੇ ਵੀ ਖੂਬ ਚਰਚਾ ਹੈ। ਦੱਸਿਆ ਗਿਆ ਹੈ ਕਿ ਰਤਨਾਗਿਰੀ ਅਤੇ ਨਾਗਪੁਰ ਵਿੱਚ ਤਿੰਨ ਦਿਨ ਦੀ ਔਨਲਾਈਨ ਅਤੇ ਦੋ ਦਿਨਾਂ ਆਫਲਾਈਨ ਸਿਖਲਾਈ ਦਿੱਤੀ ਗਈ ਹੈ। ਇਸ ਵਿੱਚ ਖੱਬੇ ਪੱਖੀ ਚਿੰਤਕਾਂ ਨੇ ਸਮਝਾਇਆ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਬੂਥ ਤੋਂ ਲੈ ਕੇ ਵਿਧਾਨ ਸਭਾ ਹਲਕੇ ਤੱਕ ਕਿਵੇਂ ਯੋਜਨਾ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਸਰਕਾਰ ਤੋਂ ਅਸੰਤੁਸ਼ਟ ਲੋਕ ਇਸ ਵਿੱਚ ਮਦਦਗਾਰ ਹੋ ਸਕਦੇ ਹਨ। ਇਸ ਲਈ ਅਜਿਹੇ ਲੋਕਾਂ ਨੂੰ ਲੱਭ ਕੇ ਇੱਕ ਮਜ਼ਬੂਤ ਨੈੱਟਵਰਕ ਬਣਾਇਆ ਜਾ ਸਕਦਾ ਹੈ। ਇਸ ਨੈੱਟਵਰਕ ਨਾਲ ਨੌਜਵਾਨਾਂ, ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ, ਜਿਸ ਨਾਲ ਸਰਕਾਰ ਦੀਆਂ ਨੀਤੀਆਂ ਵਿਰੁੱਧ ਮੁਹਿੰਮ ਚਲਾਈ ਜਾ ਸਕਦੀ ਹੈ। ਸ਼ੋਸ਼ਲ ਮੀਡੀਆ ‘ਤੇ ਸਰਗਰਮ ਕਾਨੂੰਨੀ ਮਾਹਿਰਾਂ ਅਤੇ ਲੋਕਾਂ ਨੂੰ ਜੋੜ ਕੇ ਅਸੀਂ ਉਦੇਸ਼ ਦੇ ਨੇੜੇ ਜਾ ਸਕਦੇ ਹਾਂ।
ਦੱਸਿਆ ਗਿਆ ਹੈ ਕਿ ਸਿਖਿਆਰਥੀਆਂ ਨੂੰ ਭੇਜੇ ਸੰਦੇਸ਼ ਵਿੱਚ ਵਿਸ਼ੇਸ਼ ਤੌਰ ‘ਤੇ ਦੱਸਿਆ ਗਿਆ ਹੈ ਕਿ ਕੈਂਪ ਵਿੱਚ ਯੋਗਿੰਦਰ ਯਾਦਵ, ਸ਼ਸ਼ੀਕਾਂਤ ਸੇਂਥਿਲ, ਉਲਕਾ ਮਹਾਜਨ, ਸੰਜੇ ਗੋਪਾਲ ਆਦਿ ਮਾਹਿਰ ਗਾਈਡ ਵਜੋਂ ਹਾਜ਼ਰ ਰਹਿਣਗੇ। ਇਸ ਗਠਜੋੜ ‘ਤੇ ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਐਲ.ਟੀ.ਜੋਸ਼ੀ ਦਾ ਕਹਿਣਾ ਹੈ ਕਿ ਜਦੋਂ ਵੀ ਕਾਂਗਰਸ ਅਤੇ ਖੱਬੇ ਪੱਖੀ ਇਕੱਠੇ ਹੋਏ ਹਨ, ਦੇਸ਼ ਦਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਇਆ ਹੈ। ਖੱਬੇ ਪੱਖੀਆਂ ਨੇ 1967-68 ਵਿਚ ਇੰਦਰਾ ਗਾਂਧੀ ਦੀ ਘੱਟ ਗਿਣਤੀ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਅਤੇ ਬਦਲੇ ਵਿਚ ਸਾਰੀਆਂ ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ‘ਤੇ ਕਬਜ਼ਾ ਕਰ ਲਿਆ। ਹੁਣ ਰਾਹੁਲ ਗਾਂਧੀ ਦੀ ਕਾਂਗਰਸ ਚੀਨ ਦੀ ਪਹਿਲਕਦਮੀ ਅਤੇ ਮਦਦ ਨਾਲ ਖੱਬੇਪੱਖੀਆਂ ਨਾਲ ਮਿਲ ਕੇ ਅੱਗੇ ਵਧ ਰਹੀ ਹੈ। ਰਾਜਨੀਤੀ ਵਿੱਚ ਹਰ ਚੀਜ਼ ਦੀ ਕੀਮਤ ਹੁੰਦੀ ਹੈ। ਭਾਰਤ ਅਤੇ ਭਾਰਤੀ ਸਮਾਜ ਨੂੰ ਇਸ ਗਠਜੋੜ ਦੀ ਕੀਮਤ ਚੁਕਾਉਣੀ ਪਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
