ਨਵੀਂ ਦਿੱਲੀ, 11 ਦਸੰਬਰ (ਹਿ. ਸ.)। ਭਾਜਪਾ ਨੇ ਮੱਧ ਪ੍ਰਦੇਸ਼ ‘ਚ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਮੋਹਨ ਯਾਦਵ ਹੋਣਗੇ, ਜੋ ਉਜੈਨ ਦੱਖਣ ਤੋਂ ਵਿਧਾਇਕ ਹਨ। ਮੱਧ ਪ੍ਰਦੇਸ਼ ‘ਚ ਭਾਜਪਾ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਮੋਹਨ ਯਾਦਵ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਇਸ ਨਾਲ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਬਣਿਆ ਸਸਪੈਂਸ ਖਤਮ ਹੋ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਦੋ ਉਪ ਮੁੱਖ ਮੰਤਰੀ ਵੀ ਹੋਣਗੇ। ਇਸ ਦੇ ਲਈ ਜੋ ਦੋ ਨਾਮ ਸਾਹਮਣੇ ਆ ਰਹੇ ਹਨ, ਉਹ ਹਨ ਜਗਦੀਸ਼ ਦਿਓੜਾ ਅਤੇ ਰਾਜੇਸ਼ ਸ਼ੁਕਲਾ। ਜਗਦੀਸ਼ ਦਿਓੜਾ ਮਲਹਾਰਗੜ੍ਹ ਤੋਂ ਵਿਧਾਇਕ ਹਨ ਅਤੇ ਰਾਜੇਸ਼ ਸ਼ੁਕਲਾ ਬਿਜਾਵਰ ਤੋਂ ਹਨ। ਇਸ ਤੋਂ ਇਲਾਵਾ ਸਪੀਕਰ ਦੇ ਅਹੁਦੇ ਲਈ ਨਰਿੰਦਰ ਸਿੰਘ ਤੋਮਰ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।
ਉਜੈਨ ਦੱਖਣ ਦੇ ਵਿਧਾਇਕ ਮੋਹਨ ਯਾਦਵ ਸ਼ਿਵਰਾਜ ਸਰਕਾਰ ਵਿੱਚ ਉੱਚ ਸਿੱਖਿਆ ਮੰਤਰੀ ਸਨ। ਵਿਧਾਇਕ ਦਲ ਦੀ ਮੀਟਿੰਗ ‘ਚ ਕੇਂਦਰੀ ਅਬਜ਼ਰਵਰ ਮਨੋਹਰ ਲਾਲ ਖੱਟਰ, ਆਸ਼ਾ ਲਾਕੜਾ ਅਤੇ ਕੇ. ਲਕਸ਼ਮਣ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਇੱਕ ਫੋਟੋ ਸੈਸ਼ਨ ਵੀ ਹੋਇਆ ਜਿਸ ਵਿੱਚ ਮੱਧ ਪ੍ਰਦੇਸ਼ ਭਾਜਪਾ ਦੇ ਨਵੇਂ ਚੁਣੇ ਗਏ ਵਿਧਾਇਕ, ਸੂਬਾ ਅਬਜ਼ਰਵਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਨਜ਼ਰ ਆਏ। ਫੋਟੋ ਸੈਸ਼ਨ ‘ਚ ਸ਼ਿਵਰਾਜ ਸਿੰਘ ਚੌਹਾਨ, ਨਰਿੰਦਰ ਤੋਮਰ, ਵੀਡੀ ਸ਼ਰਮਾ, ਪ੍ਰਹਿਲਾਦ ਪਟੇਲ ਸਮੇਤ ਭਾਜਪਾ ਦੇ ਸਾਰੇ ਵਿਧਾਇਕ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਗਏ ਸਨ, ਜਿਸ ‘ਚ ਭਾਜਪਾ ਨੇ ਭਾਰੀ ਬਹੁਮਤ ਹਾਸਲ ਕੀਤਾ ਸੀ। 230 ਮੈਂਬਰੀ ਰਾਜ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 116 ਹੈ ਅਤੇ ਭਾਜਪਾ ਨੇ 163 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ 66 ਸੀਟਾਂ ਮਿਲੀਆਂ ਹਨ ਅਤੇ ਇੱਕ ਸੀਟ ਭਾਰਤ ਆਦਿਵਾਸੀ ਪਾਰਟੀ ਦੇ ਖਾਤੇ ਵਿੱਚ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
