ਨਵੀਂ ਦਿੱਲੀ, 08 ਦਸੰਬਰ (ਹਿ. ਸ.)। ਪੈਸੇ ਲੈ ਕੇ ਸਵਾਲ ਪੁੱਛਣ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਲੋਕ ਸਭਾ ਨੇ ਮਹੂਆ ਮਾਮਲੇ ‘ਚ ਨੈਤਿਕਤਾ ਕਮੇਟੀ ਦੀ ਰਿਪੋਰਟ ਨੂੰ ਚਰਚਾ ਤੋਂ ਬਾਅਦ ਇਸਨੂੰ ਪਾਸ ਕਰ ਦਿੱਤਾ। ਰਿਪੋਰਟ ‘ਚ ਮਹੂਆ ਦੀ ਮੈਂਬਰਸ਼ਿਪ ਖਤਮ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਮੈਂਬਰਸ਼ਿਪ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਸਮੁੱਚੀ ਵਿਰੋਧੀ ਧਿਰ ਸਦਨ ਤੋਂ ਵਾਕਆਊਟ ਕਰ ਗਈ। ਇਸ ਨਾਲ ਲੋਕ ਸਭਾ ਦੀ ਕਾਰਵਾਈ ਸੋਮਵਾਰ 11 ਦਸੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਦਰਮਿਆਨ ਐਥਿਕਸ ਕਮੇਟੀ ਦੀ ਰਿਪੋਰਟ ਸਦਨ ਵਿੱਚ ਪੇਸ਼ ਕੀਤੀ ਗਈ। ਇਸ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਸਖ਼ਤ ਫੈਸਲੇ ਲੈਣੇ ਪੈਣਗੇ। ਉਨ੍ਹਾਂ ਰਿਪੋਰਟ ‘ਤੇ ਚਰਚਾ ਲਈ ਅੱਧਾ ਘੰਟਾ ਸਮਾਂ ਦਿੱਤਾ, ਜਿਸ ਨੂੰ ਕਾਂਗਰਸ ਅਤੇ ਵਿਰੋਧੀ ਧਿਰ ਦੇ ਹੋਰ ਮੈਂਬਰਾਂ ਨੇ ਨਾਕਾਫ਼ੀ ਦੱਸਿਆ। ਤ੍ਰਿਣਮੂਲ ਕਾਂਗਰਸ ਦੇ ਮੈਂਬਰ ਕਲਿਆਣ ਬੈਨਰਜੀ ਨੇ ਮੰਗ ਕੀਤੀ ਕਿ ਮਹੂਆ ਮੋਇਤਰਾ ਨੂੰ ਖੁਦ ਇਸ ਸਬੰਧ ਵਿਚ ਆਪਣਾ ਪੱਖ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ ਲੋਕ ਸਭਾ ਸਪੀਕਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ 2005 ਵਿਚ 10 ਸੰਸਦ ਮੈਂਬਰਾਂ ਨੂੰ ਇਕ ਅਜਿਹੇ ਮਾਮਲੇ ਵਿਚ ਮੁਅੱਤਲ ਕੀਤਾ ਗਿਆ ਸੀ ਅਤੇ ਉਸ ਸਮੇਂ ਲੋਕ ਸਭਾ ਸਪੀਕਰ ਰਹੇ ਸੋਮਨਾਥ ਚੈਟਰਜੀ ਨੇ ਮੈਂਬਰਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਜੋਸ਼ੀ ਵੱਲੋਂ ਪੇਸ਼ ਕੀਤੇ ਗਏ ਮਤੇ ‘ਤੇ ਵਿਚਾਰ ਕਰਦੇ ਹੋਏ ਵਿਰੋਧੀ ਧਿਰ ਨੇ ਸਦਨ ‘ਚੋਂ ਵਾਕਆਊਟ ਕਰ ਦਿੱਤਾ ਅਤੇ ਮਹੂਆ ਦੀ ਬਰਖਾਸਤਗੀ ਦਾ ਮਤਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ।
ਲੋਕ ਸਭਾ ਵਿੱਚ ਚਰਚਾ ਦੌਰਾਨ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਐਥਿਕਸ ਕਮੇਟੀ ਦੀ ਰਿਪੋਰਟ ਬਹੁਤ ਲੰਬੀ ਹੈ। ਅਜਿਹੀ ਸਥਿਤੀ ਵਿੱਚ ਮੈਂਬਰਾਂ ਨੂੰ ਇਸ ਨੂੰ ਪੜ੍ਹਨ ਲਈ ਵੱਧ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕ ਸਭਾ ਸਪੀਕਰ ਨੂੰ ਅੱਜ ਇਸ ਮੁੱਦੇ ’ਤੇ ਕੋਈ ਫੈਸਲਾ ਨਾ ਲੈਣ ਦੀ ਅਪੀਲ ਕੀਤੀ। ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਵੀ ਚਰਚਾ ਦੌਰਾਨ ਕਿਹਾ ਕਿ ਮਹੂਆ ‘ਤੇ ਦੋਸ਼ ਲਾਏ ਗਏ ਹਨ, ਪਰ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਇਹ ਉਚਿਤ ਨਹੀਂ ਹੈ। ਕੋਈ ਵੀ ਨੈਤਿਕਤਾ ਕਮੇਟੀ ਕਿਸੇ ਸਜ਼ਾ ਦੀ ਸਿਫ਼ਾਰਸ਼ ਨਹੀਂ ਕਰ ਸਕਦੀ, ਉਸ ਕੋਲ ਸਿਰਫ਼ ਰਿਪੋਰਟ ਪੇਸ਼ ਕਰਨ ਦਾ ਅਧਿਕਾਰ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਮਹੂਆ ਮੋਇਤਰਾ ‘ਤੇ ਪੈਸੇ ਲੈ ਕੇ ਸਵਾਲ ਪੁੱਛਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਦੂਬੇ ਦੇ ਇਲਜ਼ਾਮ ‘ਤੇ ਲੋਕ ਸਭਾ ਦੇ ਸਪੀਕਰ ਨੇ ਮਾਮਲਾ ਸੰਸਦ ਦੀ ਐਥਿਕਸ ਕਮੇਟੀ ਕੋਲ ਭੇਜ ਦਿੱਤਾ ਸੀ। ਦੂਬੇ ਨੇ ਦੋਸ਼ ਲਾਇਆ ਕਿ ਮਹੂਆ ਮੋਇਤਰਾ ਨੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਤੋਂ ਸਵਾਲ ਪੁੱਛਣ ਦੇ ਬਦਲੇ ਰਿਸ਼ਵਤ ਅਤੇ ਤੋਹਫੇ ਲਏ ਸਨ। ਹੀਰਾਨੰਦਾਨੀ ਨੇ ਵੀ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
