ਨਵੀਂ ਦਿੱਲੀ, 24 ਨਵੰਬਰ (ਹਿ. ਸ.)। ਰਾਸ਼ਟਰੀ ਰਾਜਧਾਨੀ ਦਿੱਲੀ ਦੀ ‘ਹਵਾ’ ਫਿਲਹਾਲ ਜ਼ਹਿਰੀਲੀ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਦਿੱਲੀ ਵਿੱਚ ਸਮੁੱਚੀ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ‘ਗੰਭੀਰ’ ਸ਼੍ਰੇਣੀ ਵਿੱਚ ਹੈ। ਅੱਜ (ਸ਼ੁੱਕਰਵਾਰ) ਸਵੇਰੇ, ਆਨੰਦ ਵਿਹਾਰ ਵਿੱਚ ਏਕਿਊਆਈ 411, ਅਲੀਪੁਰ ਵਿੱਚ 432, ਵਜ਼ੀਰਪੁਰ ਵਿੱਚ 443, ਆਰਕੇਪੁਰਮ ਵਿੱਚ 422 ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਵੀ ਇਹ ਸਥਿਤੀ ਹੀ ਬਣੀ ਰਹੀ।
ਬੋਰਡ ਦੇ ਅਨੁਸਾਰ, ਰਾਜਧਾਨੀ ਵਿੱਚ 14 ਸਥਾਨਾਂ ਦਾ ਏਕਿਊਆਈ 400 ਤੋਂ ਉੱਪਰ ਦਰਜ ਕੀਤਾ ਗਿਆ ਹੈ ਭਾਵ ‘ਗੰਭੀਰ’ ਸ਼੍ਰੇਣੀ ਵਿੱਚ। ਅਗਲੇ ਦੋ-ਤਿੰਨ ਦਿਨਾਂ ਵਿੱਚ ਦਿੱਲੀ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਵੀਰਵਾਰ ਨੂੰ ਦਿੱਲੀ ਦਾ ਏਕਿਊਆਈ 390 ਸੀ। ਸ਼ੁੱਕਰਵਾਰ ਸਵੇਰੇ ਇਹ ਅੰਕੜਾ 450 ਦੇ ਨੇੜੇ ਪਹੁੰਚ ਗਿਆ। ਬੁੱਧਵਾਰ ਨੂੰ ਇਹ 395 ਸੀ। ਅੱਜ ਬਵਾਨਾ ਦਿੱਲੀ ਦਾ ਸਭ ਤੋਂ ਪ੍ਰਦੂਸ਼ਿਤ ਇਲਾਕਾ ਰਿਹਾ। ਇੱਥੇ ਏਕਿਊਆਈ 450 ਰਿਹਾ।
ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਏਅਰ ਕੁਆਲਿਟੀ ਅਰਲੀ ਵਾਰਿੰਗ ਸਿਸਟਮ ਮੁਤਾਬਕ ਅਗਲੇ ਤਿੰਨ-ਚਾਰ ਦਿਨਾਂ ਦੌਰਾਨ ਹਵਾ ਦੀ ਰਫ਼ਤਾਰ ਆਮ ਤੌਰ ‘ਤੇ ਦਸ ਕਿਲੋਮੀਟਰ ਪ੍ਰਤੀ ਘੰਟੇ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਪ੍ਰਦੂਸ਼ਕ ਤੱਤ ਖਿੰਡ ਨਹੀਂ ਪਾਉਂਦੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
