
ਯਮੁਨਾਨਗਰ/ਚੰਡੀਗੜ੍ਹ, 05 ਜਨਵਰੀ (ਹਿ.ਸ.)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਦੇ ਯਮੁਨਾਨਗਰ ਤੋਂ ਇਨੈਲੋ ਦੇ ਸਾਬਕਾ ਵਿਧਾਇਕ ਅਭੈ ਚੌਟਾਲਾ ਦੇ ਕੁੜਮ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਘਰ ਅਤੇ ਦਫ਼ਤਰ ਤੋਂ 5 ਕਰੋੜ ਰੁਪਏ ਦੀ ਨਕਦੀ, ਤਿੰਨ ਸੋਨੇ ਦੇ ਬਿਸਕੁਟ ਅਤੇ 100 ਤੋਂ ਵੱਧ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਵੀਰਵਾਰ ਨੂੰ ਮਾਰੇ ਗਏ ਛਾਪੇਮਾਰੀ ‘ਚ ਵਿਦੇਸ਼ਾਂ ‘ਚ ਬਣੀ ਕਈ ਜਾਇਦਾਦਾਂ ਦੇ ਕਾਗਜ਼ਾਤ ਅਤੇ ਚਾਰ ਵਿਦੇਸ਼ੀ ਰਾਈਫਲਾਂ ਅਤੇ ਹੋਰ ਚੀਜ਼ਾਂ ਵੀ ਮਿਲੀਆਂ ਹਨ। ਏਜੰਸੀ ਦੀ ਇਹ ਕਾਰਵਾਈ ਅੱਜ ਸਵੇਰ ਤੱਕ ਜਾਰੀ ਰਹੀ।
ਅਦਾਲਤ ਦੇ ਹੁਕਮਾਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਨੀਪਤ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਪੰਵਾਰ, ਕਰਨਾਲ ਤੋਂ ਭਾਜਪਾ ਨੇਤਾ ਮਨੋਜ ਵਧਵਾ ਅਤੇ ਯਮੁਨਾਨਗਰ ਤੋਂ ਇਨੈਲੋ ਦੇ ਸਾਬਕਾ ਵਿਧਾਇਕ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਦੇ ਅਧਿਕਾਰੀਆਂ ਨੇ ਦਿਲਬਾਗ ਸਿੰਘ ਦੇ ਦਫ਼ਤਰ, ਫੈਜ਼ਪੁਰ ਸਥਿਤ ਫਾਰਮ ਹਾਊਸ ਅਤੇ ਹੋਰ ਕਾਰੋਬਾਰੀਆਂ ਸੰਜੀਵ ਬਿੱਟਾ, ਇੰਦਰਪਾਲ ਸਿੰਘ ਬੱਬਲ ਦੇ ਘਰ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਦਿਲਬਾਗ ਸਿੰਘ ਨੇ 2009 ਵਿੱਚ ਐਮ.ਐਲ.ਏ ਦੀ ਚੋਣ ਜਿੱਤੀ ਸੀ। 2014 ਵਿੱਚ ਉਨ੍ਹਾਂ ਨੂੰ ਭਾਜਪਾ ਦੇ ਘਨਸ਼ਿਆਮ ਦਾਸ ਅਰੋੜਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਜੋ ਕਿ ਅਭੈ ਚੌਟਾਲਾ ਦੇ ਕੁੜਮ ਹਨ, ਦਾ ਮਾਈਨਿੰਗ ਅਤੇ ਮਾਝਾ ਟਰਾਂਸਪੋਰਟ ਦੇ ਨਾਮ ‘ਤੇ ਵੱਡਾ ਕਾਰੋਬਾਰੀ ਨੈੱਟਵਰਕ ਹੈ। ਹਰਿਆਣਾ ਤੋਂ ਇਲਾਵਾ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ‘ਚ ਵੀ ਉਨ੍ਹਾਂ ਦਾ ਨੈੱਟਵਰਕ ਕਈ ਥਾਵਾਂ ‘ਤੇ ਫੈਲਿਆ ਹੋਇਆ ਹੈ। ਇਹ ਛਾਪੇ ਗੈਰ-ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਸਬੰਧ ਵਿੱਚ ਮਾਰੇ ਗਏ। 2022 ‘ਚ ਵੀ ਇਨਕਮ ਟੈਕਸ ਵਿਭਾਗ ਨੇ ਸਾਬਕਾ ਵਿਧਾਇਕ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
