ਚੰਡੀਗੜ੍ਹ, 18 ਜਨਵਰੀ (ਹਿ. ਸ.)। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ. ਏ.) ਦੀ ਵਿਸ਼ੇਸ਼ ਅਦਾਲਤ ਨੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਮਾਮਲੇ ‘ਚ ਨਾਮਜ਼ਦ ਅੱਤਵਾਦੀ ਲਖਬੀਰ ਲੰਡਾ ਨੂੰ ਭਗੌੜਾ ਕਰਾਰ ਦਿੱਤਾ ਹੈ। ਹੁਣ ਅਦਾਲਤ ਵਿੱਚ ਉਸਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਕਾਰਵਾਈ ਸੀਆਰਪੀਸੀ ਦੀ ਧਾਰਾ 82 (4) ਤਹਿਤ ਕੀਤੀ ਗਈ ਹੈ। ਲੰਡਾ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦਾ ਮੁਖੀ ਹੈ, ਜੋ ਇੱਕ ਪਾਬੰਦੀਸ਼ੁਦਾ ਸੰਗਠਨ ਹੈ, ਜੋ ਭਾਰਤ ਵਿੱਚ ਇੱਕ ਵੱਖਰਾ ਸਿੱਖ ਰਾਜ ਬਣਾਉਣਾ ਚਾਹੁੰਦਾ ਹੈ। ਗ੍ਰਹਿ ਮੰਤਰਾਲੇ ਨੇ ਲੰਡਾ ਨੂੰ ਹਾਲ ਹੀ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ।
ਅਦਾਲਤ ਨੇ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਲੰਡਾ ਦੇ ਪੇਸ਼ ਨਾ ਹੋਣ ‘ਤੇ ਉਸ ਵਿਰੁੱਧ ਘੋਸ਼ਣਾ ਪੱਤਰ ਜਾਰੀ ਕੀਤਾ ਹੈ। ਐੱਨ. ਆਈ. ਏ. ਨੇ 2023 ਵਿੱਚ ਲਖਬੀਰ ਸਿੰਘ ਸੰਧੂ ਉਰਫ ਲੰਡਾ ਅਤੇ ਉਸਦੇ ਸਾਥੀਆਂ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਸਤਨਾਮ ਸਿੰਘ ਉਰਫ ਸੱਤਾ, ਪਰਮਿੰਦਰ ਸਿੰਘ ਖਹਿਰਾ ਉਰਫ ਪੱਟੂ, ਯਾਦਵਿੰਦਰ ਸਿੰਘ ਉਰਫ ਯਾਦਾ ਖਿਲਾਫ ਧਾਰਾ 17, 18, 18 ਬੀ, 20, 38 ਅਤੇ 39 ਦੇ ਤਹਿਤ ਗੈਰ-ਕਾਨੂੰਨੀ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਿਸ਼ੇਸ਼ ਐੱਨ. ਆਈ. ਏ. ਅਦਾਲਤ ਵਿੱਚ ਚੱਲ ਰਹੀ ਹੈ। ਮਾਮਲੇ ਦੀ ਪਹਿਲੀ ਸੁਣਵਾਈ 9 ਅਕਤੂਬਰ 2023 ਨੂੰ ਹੋਈ ਸੀ। ਐੱਨ. ਆਈ. ਏ. ਨੇ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਦਾਇਰ ਹੋਣ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ 30 ਦਿਨਾਂ ਦਾ ਸਮਾਂ ਦਿੱਤਾ ਸੀ, ਜੋ ਕਿ ਬੀਤ ਚੁੱਕਾ ਹੈ। ਇਸ ਕਾਰਨ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਲੰਡਾ ਨੂੰ ਭਗੌੜਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸਾਰੇ ਮੁਲਜਮਾਂ ਖਿਲਾਫ ਸੀ. ਆਰ. ਪੀ. ਸੀ. ਦੀ ਧਾਰਾ 83 ਤਹਿਤ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ ਲੰਡਾ ਇਸ ਵੇਲੇ ਕੈਨੇਡਾ ਵਿੱਚ ਲੁਕਿਆ ਹੋਇਆ ਹੈ, ਜਿੱਥੋਂ ਉਹ ਕੇਜ਼ੈਡਐਫ ਨੂੰ ਚਲਾ ਰਿਹਾ ਹੈ। ਉਸ ਉੱਤੇ ਭਾਰਤ ਵਿੱਚ ਕਈ ਅੱਤਵਾਦੀ ਹਮਲਿਆਂ ਅਤੇ ਸਾਜ਼ਿਸ਼ਾਂ ਵਿੱਚ ਸ਼ਾਮਲ ਹੋਣ ਦਾ ਵੀ ਦੋਸ਼ ਹੈ, ਜਿਸ ਵਿੱਚ 2018 ਵਿੱਚ ਅੰਮ੍ਰਿਤਸਰ ਵਿੱਚ ਇੱਕ ਨਿਰੰਕਾਰੀ ਇਕੱਠ ਵਿੱਚ ਗ੍ਰਨੇਡ ਧਮਾਕਾ ਵੀ ਸ਼ਾਮਲ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
