ਦੇਵਰੀਆ, 02 ਅਕਤੂਬਰ। ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ‘ਚ ਸੋਮਵਾਰ ਸਵੇਰੇ ਦੋ ਧਿਰਾਂ ਵਿਚਾਲੇ ਹੋਏ ਖੂਨੀ ਝੜਪ ‘ਚ 6 ਲੋਕਾਂ ਦੀ ਮੌਤ ਹੋ ਗਈ। ਪਹਿਲੀ ਨਜ਼ਰੇ ਇਹ ਘਟਨਾ ਆਪਸੀ ਰੰਜਿਸ਼ ਨਾਲ ਜੁੜੀ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੁਲਿਸ ਵਿਭਾਗ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੁਲਿਸ ਮੁਤਾਬਕ ਇਹ ਘਟਨਾ ਦੇਵਰੀਆ ਦੀ ਰੁਦਰਪੁਰ ਤਹਿਸੀਲ ਦੇ ਫਤਿਹਪੁਰ ਪਿੰਡ ਦੇ ਲੇਹੜਾ ਟੋਲਾ ‘ਚ ਵਾਪਰੀ। ਸਵੇਰੇ 50 ਸਾਲਾ ਪ੍ਰੇਮ ਯਾਦਵ ਕਿਸੇ ਕੰਮ ਲਈ ਸੱਤਿਆ ਪ੍ਰਕਾਸ਼ ਦੂਬੇ ਦੇ ਘਰ ਪਹੁੰਚੇ। ਇੱਥੇ ਕਿਸੇ ਗੱਲ ਨੂੰ ਲੈ ਕੇ ਝਗੜਾ ਵਧ ਗਿਆ। ਦੋਵਾਂ ਧਿਰਾਂ ਦੀ ਲੜਾਈ ਵਿੱਚ ਪ੍ਰੇਮ ਯਾਦਵ ਦੀ ਜਾਨ ਚਲੀ ਗਈ। ਕੁਝ ਸਮੇਂ ਬਾਅਦ ਪ੍ਰੇਮ ਯਾਦਵ ਦੇ ਟੋਲੇ ਅਭੈਪੁਰ ਦੇ ਲੋਕਾਂ ਨੇ ਸਤਿਆਪ੍ਰਕਾਸ਼ ਦੂਬੇ ਦੇ ਘਰ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੈਡੀਕਲ ਕਾਲਜ ਭੇਜਿਆ ਗਿਆ, ਉੱਥੇ ਪੰਜ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਜੋੜਾ ਸੱਤਿਆ ਪ੍ਰਕਾਸ਼ ਦੂਬੇ (54) ਅਤੇ ਕਿਰਨ ਦੂਬੇ (52) ਤੋਂ ਇਲਾਵਾ ਉਨ੍ਹਾਂ ਦੀਆਂ ਦੋ ਬੇਟੀਆਂ ਸਲੋਨੀ (18) ਅਤੇ ਨੰਦਿਨੀ ਅਤੇ ਬੇਟਾ ਗਾਂਧੀ (15) ਸ਼ਾਮਲ ਹਨ। ਇਸ ਕਤਲ ਕੇਸ ਵਿੱਚ ਹੁਣ ਤੱਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦਾ ਵਧੀਆ ਇਲਾਜ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
