ਮੁੰਬਈ, 06 ਅਕਤੂਬਰ। ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਸਥਿਤ ਸਮਰਥ ਸ੍ਰਿਸ਼ਟੀ ਨਾਮ ਦੀ ਪੰਜ ਮੰਜ਼ਿਲਾ ਇਮਾਰਤ ਵਿੱਚ ਸ਼ੁੱਕਰਵਾਰ ਤੜਕੇ ਅੱਗ ਲੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ 10 ਗੱਡੀਆਂ ਨਾਲ ਪਹੁੰਚ ਕੇ 50 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਧੂੰਏਂ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋਣ ਕਰਕੇ ਕੂਪਰ ਹਸਪਤਾਲ ਅਤੇ ਐਚਬੀਟੀ ਟਰੌਮਾ ਕੇਅਰ ਸੈਂਟਰ ਵਿੱਚ ਲਿਜਾਇਆ ਗਿਆ। ਇਨ੍ਹਾਂ ‘ਚੋਂ ਕੁਝ ਲੋਕ ਝੁਲਸ ਵੀ ਗਏ ਹਨ। ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਪੁਲਿਸ ਮੁਤਾਬਕ ਇਹ ਇਮਾਰਤ ਗੋਰੇਗਾਂਵ ਦੇ ਉਨਤ ਨਗਰ ਵਿੱਚ ਹੈ। ਇਮਾਰਤ ਦੀ ਗਰਾਊਂਡ ਫਲੋਰ ਦੀ ਪਾਰਕਿੰਗ ਲਾਟ ਵਿੱਚ ਤੜਕੇ ਕਰੀਬ 3 ਵਜੇ ਅੱਗ ਲੱਗ ਗਈ। ਕੁਝ ਹੀ ਸਮੇਂ ‘ਚ ਪੂਰੀ ਇਮਾਰਤ ਅੱਗ ਦੀ ਲਪੇਟ ‘ਚ ਆ ਗਈ। ਦੱਸਿਆ ਗਿਆ ਹੈ ਕਿ ਇਸ ਇਮਾਰਤ ਦੀ ਪਾਰਕਿੰਗ ਵਿੱਚ ਕੱਪੜਿਆਂ ਦਾ ਬੰਡਲ ਰੱਖਿਆ ਗਿਆ ਸੀ। ਇਹ ਹਾਦਸਾ ਇਸ ਬੰਡਲ ਨੂੰ ਅੱਗ ਲੱਗਣ ਕਾਰਨ ਵਾਪਰਿਆ। ਪਾਰਕਿੰਗ ਵਿੱਚ ਮੌਜੂਦ 30 ਦੋਪਹੀਆ ਵਾਹਨ ਅਤੇ ਹੋਰ ਚਾਰ ਪਹੀਆ ਵਾਹਨ ਵੀ ਲਪੇਟ ਆ ਗਏ। ਇਨ੍ਹਾਂ ‘ਚੋਂ ਜ਼ਿਆਦਾਤਰ ਵਾਹਨ ਸੁਆਹ ਹੋ ਗਏ। ਫਿਲਹਾਲ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਕੂਲਿੰਗ ਦਾ ਕੰਮ ਚੱਲ ਰਿਹਾ ਹੈ।
ਇਕ ਚਸ਼ਮਦੀਦ ਮੁਤਾਬਕ ਸਵੇਰੇ ਤੜਕੇ ਇਕ ਜ਼ਬਰਦਸਤ ਧਮਾਕਾ ਹੋਇਆ। ਇਹ ਅਵਾਜ਼ ਸੁਣ ਕੇ ਉਹ ਨੀਂਦ ਤੋਂ ਜਾਗ ਗਿਆ, ਹੇਠਾਂ ਦੇਖਣ ‘ਤੇ ਉਸਨੇ ਮਹਿਸੂਸ ਕੀਤਾ ਕਿ ਅੱਗ ਲੱਗੀ ਹੋਈ ਹੈ। ਇਸ ਇਮਾਰਤ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣ ਕੇ ਘਰ ਵਿੱਚ ਮੌਜੂਦ ਸਾਰੇ ਲੋਕ ਜਾਗ ਗਏ। ਬਾਹਰ ਆ ਕੇ ਉਨ੍ਹਾਂ ਨੇ ਇਮਾਰਤ ਦੇ ਸਾਰੇ ਘਰਾਂ ਦੀਆਂ ਘੰਟੀਆਂ ਵਜਾ ਕੇ ਅੱਗ ਲੱਗਣ ਦੀ ਸੂਚਨਾ ਦਿੱਤੀ। ਸਥਾਨਕ ਵਿਧਾਇਕ ਅਤੇ ਸਾਬਕਾ ਮੰਤਰੀ ਵਿਦਿਆ ਜੈਪ੍ਰਕਾਸ਼ ਠਾਕੁਰ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨਤ ਨਗਰ ਦੇ ਸਕੂਲ ਵਿੱਚ ਠਹਿਰਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
