ਚੰਡੀਗੜ੍ਹ, 19 ਅਕਤੂਬਰ (ਹਿ. ਸ.)। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ 19 ਅਕਤੂਬਰ ਨੂੰ ਪੰਜਾਬ ਦੌਰੇ ’ਤੇ ਪਹੁੰਚੇ ਰਹੇ ਹਨ। ਆਪਣੀ ਫੇਰੀ ਦੌਰਾਨ ਗਡਕਰੀ ਅੰਮ੍ਰਿਤਸਰ ਵਿੱਚ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ। ਗਡਕਰੀ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਦੌਰਾ ਵੀ ਕਰਨਗੇ ਅਤੇ ਸ਼ਾਮ ਨੂੰ ਰੀਟ੍ਰੀਟ ਸੈਰੇਮਨੀ ਵੀ ਦੇਖਣਗੇ।
ਅੰਮ੍ਰਿਤਸਰ ਦੇ ਡੀ. ਸੀ. ਘਣਸ਼ਾਮ ਥੋਰੀ ਨੇ ਦੱਸਿਆ ਕਿ ਨਿਤਿਨ ਗਡਕਰੀ ਵੀਰਵਾਰ ਸਵੇਰੇ ਅੰਮ੍ਰਿਤਸਰ ਪਹੁੰਚਣਗੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਕੰਮਾਂ ਦਾ ਜਾਇਜ਼ਾ ਲੈਣਗੇ ਅਤੇ ਇਸ ਤੋਂ ਬਾਅਦ ਪਿੰਡ ਹਰਸ਼ਾ ਛੀਨਾ ਨੇੜੇ ਚੱਲ ਰਹੇ ਨੈਸ਼ਨਲ ਹਾਈਵੇਅ ਦੇ ਕੰਮਾਂ ਦਾ ਵੀ ਜਾਇਜ਼ਾ ਲੈਣਗੇ। ਉਪਰੰਤ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਟਾਰੀ ਵਿਖੇ ਸਭ ਤੋਂ ਉੱਚੇ ਝੰਡੇ ਦਾ ਉਦਘਾਟਨ ਕਰਨਗੇ। 418 ਫੁੱਟ ਦੀ ਉਚਾਈ ਵਾਲਾ ਇਹ ਤਿਰੰਗ ਆਈਸੀਪੀ ਅਟਾਰੀ ਵਿਖੇ ਲਗਾਇਆ ਗਿਆ ਹੈ, ਜੋ ਪਾਕਿਸਤਾਨ ਤੱਕ ਸਾਫ਼ ਨਜ਼ਰ ਆਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਗਡਕਰੀ 11:30 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਮੰਤਰੀ ਗਡਕਰੀ 12:15 ਵਜੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਅਤੇ ਅੰਮ੍ਰਿਤਸਰ ਬਾਈਪਾਸ ਅੰਤਿਮ ਪੁਆਇੰਟ ਦੇ ਕਾਰਜਾਂ ਦਾ ਨਿਰੀਖਣ ਕਰਨਗੇ ਅਤੇ ਮੀਡੀਆ ਨੂੰ ਸੰਬੋਧਨ ਕਰਨਗੇ। ਉਹ ਬਾਅਦ ਦੁਪਹਿਰ 3:30 ਵਜੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਸਾਈਟ ਦਾ ਦੌਰਾ ਕਰਨਗੇ। 4:15 ਵਜੇ ਗਡਕਰੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਟਾਰੀ ਵਿਖੇ ਸਭ ਤੋਂ ਉੱਚੇ ਝੰਡੇ ਦਾ ਉਦਘਾਟਨ ਕਰਨਗੇ। ਉਹ ਸ਼ਾਮ 5:00 ਵਜੇ ਨਿਤਿਨ ਗਡਕਰੀ ਰੀਟ੍ਰੀਟ ਸਮਾਰੋਹ ਵੀ ਦੇਖਣਗੇ ਅਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਮਿਊਜ਼ੀਅਮ ਦਾ ਦੌਰਾ ਕਰਨਗੇ। ਪ੍ਰਸ਼ਾਸਨ ਨੇ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
