ਨਵੀਂ ਦਿੱਲੀ, 06 ਅਕਤੂਬਰ । ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਕਮ ਵਿੱਚ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਵਿੱਚੋਂ ਕੇਂਦਰੀ ਹਿੱਸੇ ਦੀਆਂ 44.80 ਕਰੋੜ ਰੁਪਏ ਦੀਆਂ ਦੋਵੇਂ ਕਿਸ਼ਤਾਂ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ, ਮੰਤਰਾਲੇ ਨੇ ਗਲੇਸ਼ੀਅਲ ਲੇਕ ਆਉਟਬਰਸਟ ਫਲੱਡ, ਕਲਾਉਡ ਬਰਸਟ ਅਤੇ ਫਲੈਸ਼ ਫਲੱਡ ਕਾਰਨ ਰਾਜ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਅੰਤਰ-ਮੰਤਰਾਲਾ ਕੇਂਦਰੀ ਟੀਮ (ਆਈਐਮਸੀਟੀ) ਦਾ ਗਠਨ ਕੀਤਾ ਹੈ। ਇਹ ਟੀਮ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਇਸ ਟੀਮ ਦੇ ਮੁਲਾਂਕਣ ਦੇ ਆਧਾਰ ‘ਤੇ, ਸਿੱਕਮ ਨੂੰ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ (ਐੱਸਡੀਆਰਐੱਫ) ਤੋਂ ਵਾਧੂ ਕੇਂਦਰੀ ਸਹਾਇਤਾ ਮਨਜ਼ੂਰ ਕੀਤੀ ਜਾਵੇਗੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਅਨੁਸਾਰ 04 ਅਕਤੂਬਰ 2023 ਦੀ ਸਵੇਰ ਨੂੰ ਬੱਦਲ ਫਟਣ ਕਾਰਨ ਸਿੱਕਮ ਵਿੱਚ ਤੀਸਤਾ ਨਦੀ ਦੇ ਵਹਾਅ ਵਿੱਚ ਅਚਾਨਕ ਵਾਧਾ ਹੋਣ ਕਾਰਨ, ਕਈ ਪੁਲ, ਰਾਸ਼ਟਰੀ ਰਾਜਮਾਰਗ-10 ਦੇ ਹਿੱਸੇ, ਚੁੰਗਥਾਂਗ ਡੈਮ ਵਹਿ ਗਏ ਅਤੇ ਉੱਪਰੀ ਸਿੱਕਮ ਦੀ ਨਦੀ ਘਾਟੀ ਦੇ ਉੱਪਰੀ ਇਲਾਕੇ ’ਚ ਕਈ ਛੋਟੇ ਸ਼ਹਿਰ ਅਤੇ ਕਈ ਬੁਨਿਆਦੀ ਢਾਂਚਾ ਪ੍ਰਾਜੈਕਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ।
ਬਿਆਨ ‘ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਸਿੱਕਮ ਦੀ ਸਥਿਤੀ ‘ਤੇ ਉੱਚ ਪੱਧਰ ‘ਤੇ 24 ਘੰਟੇ ਨਜ਼ਰ ਰੱਖ ਰਹੀ ਹੈ। ਕੇਂਦਰ ਸਰਕਾਰ ਇਸ ਨਾਜ਼ੁਕ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਰਾਜ ਸਰਕਾਰ ਦੇ ਯਤਨਾਂ ਦੀ ਪੂਰਤੀ ਲਈ ਸਮੇਂ ਸਿਰ ਲੌਜਿਸਟਿਕਸ ਸਾਧਨ ਜੁਟਾ ਕੇ ਪੂਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਮੁਹੱਈਆ ਕਰਵਾਈ ਗਈ ਲੌਜਿਸਟਿਕਸ ਸਹਾਇਤਾ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਲੋੜੀਂਦੀਆਂ ਟੀਮਾਂ ਦੀ ਤਾਇਨਾਤੀ; ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਅਤੇ ਫੌਜ ਦੇ ਜਵਾਨਾਂ ਸਮੇਤ ਲੋੜੀਂਦੇ ਖੋਜ ਅਤੇ ਬਚਾਅ ਉਪਕਰਣ ਸ਼ਾਮਲ ਹਨ। ਇਸ ਤੋਂ ਇਲਾਵਾ ਬਿਜਲੀ, ਦੂਰਸੰਚਾਰ ਅਤੇ ਸੜਕ, ਰਾਜਮਾਰਗ ਅਤੇ ਟ੍ਰਾਂਸਪੋਰਟ ਮੰਤਰਾਲਿਆਂ ਦੀਆਂ ਤਕਨੀਕੀ ਟੀਮਾਂ ਰਾਜ ਵਿੱਚ ਨੁਕਸਾਨੇ ਗਏ ਬੁਨਿਆਦੀ ਢਾਂਚੇ ਅਤੇ ਦੂਰਸੰਚਾਰ ਨੈੱਟਵਰਕਾਂ ਦੀ ਸਮੇਂ ਸਿਰ ਬਹਾਲੀ ਵਿੱਚ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ।
