ਨਾਗਪੁਰ, 11 ਫਰਵਰੀ : ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਰਾਮਕ੍ਰਿਸ਼ਨ ਵਿਸ਼ਵਨਾਥ ਬੋਂਡਾਲੇ ਉਪਾਖਿਆ ਰਾਮਭਾਊ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਉਨ੍ਹਾਂ ਨੇ ਨਾਗਪੁਰ ਸਥਿਤ ਸੰਘ ਹੈੱਡਕੁਆਰਟਰ ‘ਚ ਸਵੇਰੇ ਕਰੀਬ 10.15 ਵਜੇ ਆਖਰੀ ਸਾਹ ਲਿਆ। ਪਿਛਲੇ ਕੁਝ ਸਾਲਾਂ ਤੋਂ ਉਹ ਸੰਘ ਹੈੱਡਕੁਆਰਟਰ ‘ਚ ਰਹਿ ਰਹੇ ਸਨ। ਸੰਘ ਦੇ ਪ੍ਰਚਾਰ ਵਿਭਾਗ ਦੇ ਮੁਤਾਬਕ ਰਾਮਭਾਊ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਨਾਗਪੁਰ ਦੇ ਗੰਗਾਬਾਈ ਘਾਟ ‘ਤੇ ਹੋਵੇਗਾ।
ਸੰਘ ਹੈੱਡਕੁਆਰਟਰ ਆਉਣ ਵਾਲਾ ਕੋਈ ਵੀ ਮਹਿਮਾਨ ਰਾਮਭਾਊ ਨੂੰ ਮਿਲੇ ਬਿਨਾਂ ਨਹੀਂ ਜਾਂਦਾ ਸੀ। ਰਾਮਭਾਊ ਦਾ ਜਨਮ 22 ਅਪ੍ਰੈਲ 1925 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਪਿੰਡ ਜਮਾਸਾਂਡੇ ਵਿੱਚ ਹੋਇਆ ਸੀ। ਸੰਘ ਦੀ ਸਥਾਪਨਾ ਸਤੰਬਰ 1925 ਵਿੱਚ ਹੋਈ ਸੀ। ਰਾਮਭਾਊ ਦੀ ਸਕੂਲੀ ਪੜ੍ਹਾਈ ਪਹਿਲਾਂ ਅਹਿਮਦਨਗਰ ਅਤੇ ਬਾਅਦ ਵਿੱਚ ਅੰਮਲਨੇਰ ਵਿੱਚ ਹੋਈ। ਉਨ੍ਹਾਂ ਨੇ ਆਪਣੀ ਦਸਵੀਂ ਦੀ ਪ੍ਰੀਖਿਆ ਅੰਮਲਨੇਰ ਤੋਂ ਪਾਸ ਕੀਤੀ। ਉਸ ਤੋਂ ਬਾਅਦ ਰਾਮਭਾਊ ਨੇ ਜੀਐੱਸ ਕਾਲਜ ਵਰਧਾ ਤੋਂ ਬੀ.ਕਾਮ ਦੀ ਡਿਗਰੀ ਹਾਸਲ ਕੀਤੀ ਸੀ। ਸਿੱਖਿਆ ਪੂਰੀ ਕਰਨ ਤੋਂ ਬਾਅਦ, 1946 ਵਿੱਚ, ਰਾਮਭਾਊ ਨੇ ਸੰਘ ਪ੍ਰਚਾਰਕ ਬਣਨ ਦਾ ਫੈਸਲਾ ਕੀਤਾ। ਪ੍ਰਚਾਰਕ ਜੀਵਨ ਦੇ ਅੰਮ੍ਰਿਤ ਮਹੋਤਸਵ ਨੂੰ ਪੂਰਾ ਕਰ ਚੁੱਕੇ ਰਾਮਭਾਊ ਸੰਘ ਨਾਲ ਜੁੜੀਆਂ ਕਈ ਘਟਨਾਵਾਂ ਦੇ ਗਵਾਹ ਰਹੇ ਹਨ। ਪਿਛਲੇ ਸਾਲ, ਰਾਮਭਾਊ ਨੇ ਸੁਤੰਤਰਤਾ ਦਿਵਸ ‘ਤੇ ਸੰਘ ਹੈੱਡਕੁਆਰਟਰ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਸੀ।
