
ਚੰਡੀਗੜ੍ਹ, 02 ਅਕਤੂਬਰ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਰਾਹੁਲ ਗਾਂਧੀ ਨੇ ਹਰਿਮੰਦਰ ਸਾਹਿਬ ‘ਚ ‘ਸੇਵਾ’ ਵਿੱਚ ਵੀ ਹਿੱਸਾ ਲਿਆ। ਉਹ ਪਾਰਟੀ ਦੇ ਹੋਰ ਮੈਂਬਰਾਂ ਅਤੇ ਗੁਰਦੁਆਰੇ ਦੇ ਸੇਵਾਦਾਰਾਂ ਨਾਲ ਬਰਤਨ ਧੋਂਦੇ ਨਜ਼ਰ ਆਏ। ਰਾਹੁਲ ਦੀ ਆਮਦ ਨੂੰ ਲੈ ਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ।
ਰਾਹੁਲ ਗਾਂਧੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਕੜਾਹਿ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਰੁਮਾਲਾ ਸਾਹਿਬ ਚੜ੍ਹਾਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਰਾਹੁਲ ਗਾਂਧੀ ਨੂੰ ਅਸਮਾਨੀ ਰੰਗ ਦਾ ਰੁਮਾਲਾ ਸਾਹਿਬ ਅਤੇ ਪ੍ਰਸ਼ਾਦ ਦਿੱਤਾ ਗਿਆ। ਰਾਹੁਲ ਗਾਂਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ। ਉਪਰੰਤ ਉਨ੍ਹਾਂ ਨੇ ਛਬੀਲ ‘ਤੇ ਬੈਠ ਕੇ ਜੂਠੇ ਬਰਤਰਾਂ ਨੂੰ ਸਾਫ ਕਰਨ ਦੀ ਸੇਵਾ ਕੀਤੀ।
ਰਾਹੁਲ ਗਾਂਧੀ ਦੀ ਇਹ ਫੇਰੀ ਅਜਿਹੇ ਸਮੇਂ ‘ਚ ਹੋਈ ਹੈ, ਜਦੋਂ ਡਰੱਗਜ਼ ਮਾਮਲੇ ‘ਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਕਾਂਗਰਸ ਭੜਕੀ ਹੋਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਿਛਲੇ ਹਫ਼ਤੇ ਪੰਜਾਬ ਪੁਲਿਸ ਨੇ ਡਰੱਗਜ਼ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।ਕਾਂਗਰਸੀ ਆਗੂ ਨੇ ‘ਆਪ’ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ‘ਖੂਨ ਦੇ ਪਿਆਸੇ’ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਐਲਾਨ ਕੀਤਾ, ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਉਨ੍ਹਾਂ ਨੇ ਮੈਨੂੰ ਸਰੀਰਕ ਤੌਰ ‘ਤੇ ਵੀ ਖਤਮ ਕਰ ਦਿੱਤਾ।’’ ਆਪ’ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2015 ਦੇ ਇੱਕ ਕੇਸ ਵਿੱਚ ਤਾਜ਼ੇ ਸਬੂਤ ਦੇ ਕਾਰਨ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ।
ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਸੀ ਕਿ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਆ ਰਹੇ ਹਨ। ਇਹ ਉਨ੍ਹਾਂ ਦੀ ਨਿੱਜੀ, ਅਧਿਆਤਮਿਕ ਯਾਤਰਾ ਹੈ। ਉਨ੍ਹਾਂ ਦੀ ਨਿੱਜਤਾ ਦਾ ਆਦਰ ਕੀਤਾ ਜਾਵੇ। ਸਾਰੇ ਪਾਰਟੀ ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਯਾਤਰਾ ਲਈ ਸਰੀਰਕ ਤੌਰ ‘ਤੇ ਹਾਜ਼ਰ ਨਾ ਹੋਣ। ਤੁਸੀਂ ਸਾਰੇ ਆਪਣਾ ਉਤਸ਼ਾਹੀ ਸਮਰਥਨ ਦਿਖਾ ਸਕਦੇ ਹੋ ਅਤੇ ਅਗਲੀ ਵਾਰ ਉਨ੍ਹਾਂ ਨੂੰ ਮਿਲ ਸਕਦੇ ਹੋ।
