ਨਵੀਂ ਦਿੱਲੀ, 01 ਅਕਤੂਬਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਦੌਰੇ ‘ਤੇ ਰਹਿਣਗੇ। ਉਹ ਦੁਪਹਿਰ 2:15 ਵਜੇ ਮਹਿਬੂਬਨਗਰ ਪਹੁੰਚਣਗੇ। ਪ੍ਰਧਾਨ ਮੰਤਰੀ ਸੜਕਾਂ, ਰੇਲਵੇ, ਪੈਟਰੋਲੀਅਮ, ਕੁਦਰਤੀ ਗੈਸ ਅਤੇ ਉੱਚ ਸਿੱਖਿਆ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ 13,500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਰੇਲਗੱਡੀ ਨੂੰ ਹਰੀ ਝੰਡੀ ਵੀ ਦਿਖਾਉਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਉਹ ਤੇਲੰਗਾਨਾ ਦੇ ਦੌਰੇ ਦੌਰਾਨ ਨਾਗਪੁਰ-ਵਿਜੇਵਾੜਾ ਆਰਥਿਕ ਗਲਿਆਰੇ ਨਾਲ ਸਬੰਧਤ ਮਹੱਤਵਪੂਰਨ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਨਾਲ ਹੀ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਵਿਕਸਤ ਹੈਦਰਾਬਾਦ-ਵਿਸ਼ਾਖਾਪਟਨਮ ਕੋਰੀਡੋਰ ਨਾਲ ਸਬੰਧਤ ਸੜਕ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਉਹ ਪ੍ਰਮੁੱਖ ਤੇਲ ਅਤੇ ਗੈਸ ਪਾਈਪਲਾਈਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਹੈਦਰਾਬਾਦ (ਕਾਚੀਗੁੜਾ)-ਰਾਇਚੂਰ ਰੇਲਗੱਡੀ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
