ਨਵੀਂ ਦਿੱਲੀ, 14 ਮਾਰਚ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਵੀਰਵਾਰ) ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ‘ਪੀਐੱਮ ਸਵਾਨਿਧੀ ਯੋਜਨਾ’ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਨਗੇ। ਉਹ ਦਿੱਲੀ ਮੈਟਰੋ ਦੇ ਫੇਜ਼ 4 ਦੇ ਦੋ ਵਾਧੂ ਗਲਿਆਰਿਆਂ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਗਰਾਮ ਜਵਾਹਰ ਲਾਲ ਨਹਿਰੂ (ਜੇਐਲਐਨ) ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਪ੍ਰੈਸ ਸੂਚਨਾ ਬਿਊਰੋ (ਪੀ.ਆਈ.ਬੀ.) ਨੇ ਆਪਣੀ ਰਿਲੀਜ਼ ਵਿੱਚ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਐਕਸ ਹੈਂਡਲ ‘ਤੇ ਸਾਂਝੀ ਕੀਤੀ ਹੈ।
ਪ੍ਰੈਸ ਸੂਚਨਾ ਬਿਊਰੋ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਸ ਮੌਕੇ ਦਿੱਲੀ ਦੇ 5,000 ਸਟ੍ਰੀਟ ਵਿਕਰੇਤਾਵਾਂ (ਐਸਵੀ) ਸਮੇਤ ਇੱਕ ਲੱਖ ਸਟ੍ਰੀਟ ਵਿਕਰੇਤਾਵਾਂ ਨੂੰ ਇਸ ਯੋਜਨਾ ਦੇ ਤਹਿਤ ਕਰਜ਼ੇ ਵੀ ਵੰਡਣਗੇ। ਕੋਰੋਨਾ ਮਹਾਮਾਰੀ ਦੇ ਕਾਰਨ ਡੂੰਘੇ ਹੁੰਦੇ ਗਲੋਬਲ ਆਰਥਿਕ ਸੰਕਟ ਦੌਰਾਨ ਸਮਾਜ ਦੇ ਹਾਸ਼ੀਏ ‘ਤੇ ਪਏ ਵਰਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ, ‘ਪੀਐੱਮ ਸਵਾਨਿਧੀ’ ਯੋਜਨਾ 1 ਜੂਨ, 2020 ਨੂੰ ਸ਼ੁਰੂ ਕੀਤੀ ਗਈ ਸੀ। ਇਹ ਸਟ੍ਰੀਟ ਵਿਕਰੇਤਾਵਾਂ ਦੇ ਭਾਈਚਾਰਿਆਂ ਲਈ ਪਰਿਵਰਤਨਸ਼ੀਲ ਸਾਬਤ ਹੋਈ ਹੈ। ਹੁਣ ਤੱਕ, ਦੇਸ਼ ਭਰ ਵਿੱਚ 62 ਲੱਖ ਤੋਂ ਵੱਧ ਸਟ੍ਰੀਟ ਵਿਕਰੇਤਾਵਾਂ ਨੂੰ 10,978 ਕਰੋੜ ਰੁਪਏ ਤੋਂ ਵੱਧ ਦੇ 82 ਲੱਖ ਤੋਂ ਵੱਧ ਕਰਜ਼ੇ ਵੰਡੇ ਜਾ ਚੁੱਕੇ ਹਨ। ਇਕੱਲੇ ਦਿੱਲੀ ਵਿਚ 232 ਕਰੋੜ ਰੁਪਏ ਦੇ ਕਰੀਬ ਦੋ ਲੱਖ ਕਰਜ਼ੇ ਵੰਡੇ ਗਏ ਹਨ।
ਪੀਆਈਬੀ ਦੇ ਅਨੁਸਾਰ, ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦਿੱਲੀ ਮੈਟਰੋ ਦੇ ਦੋ ਵਾਧੂ ਗਲਿਆਰਿਆਂ (ਲਾਜਪਤ ਨਗਰ-ਸਾਕੇਤ-ਜੀ ਬਲਾਕ ਅਤੇ ਇੰਦਰਲੋਕ-ਇੰਦਰਪ੍ਰਸਥ) ਦਾ ਨੀਂਹ ਪੱਥਰ ਵੀ ਰੱਖਣਗੇ। ਦੋਵੇਂ ਕੋਰੀਡੋਰ ਕੁੱਲ ਮਿਲਾ ਕੇ 20 ਕਿਲੋਮੀਟਰ ਤੋਂ ਵੱਧ ਲੰਬੇ ਹੋਣਗੇ ਅਤੇ ਸੰਪਰਕ ਵਧਾਉਣ ਅਤੇ ਟ੍ਰੈਫਿਕ ਭੀੜ ਨੂੰ ਹੋਰ ਘਟਾਉਣ ਵਿੱਚ ਮਦਦਗਾਰ ਹੋਣਗੇ।
ਲਾਜਪਤ ਨਗਰ-ਸਾਕੇਤ ਜੀ-ਬਲਾਕ ਕੋਰੀਡੋਰ ਵਿੱਚ ਇਹ ਸਟੇਸ਼ਨ ਸ਼ਾਮਲ ਹੋਣਗੇ – ਲਾਜਪਤ ਨਗਰ, ਐਂਡ੍ਰਿਊਜ਼ ਗੰਜ, ਗ੍ਰੇਟਰ ਕੈਲਾਸ਼-1, ਚਿਰਾਗ ਦਿੱਲੀ, ਪੁਸ਼ਪਾ ਭਵਨ, ਸਾਕੇਤ ਜ਼ਿਲ੍ਹਾ ਕੇਂਦਰ, ਪੁਸ਼ਪ ਵਿਹਾਰ, ਸਾਕੇਤ ਜੀ-ਬਲਾਕ। ਇੰਦਰਲੋਕ-ਇੰਦਰਪ੍ਰਸਥ ਕੋਰੀਡੋਰ ਦੇ ਵੱਖ-ਵੱਖ ਸਟੇਸ਼ਨਾਂ ਵਿੱਚ ਇੰਦਰਲੋਕ, ਦਯਾ ਬਸਤੀ, ਸਰਾਏ ਰੋਹਿਲਾ, ਅਜਮਲ ਖਾਨ ਪਾਰਕ, ਨਬੀ ਕਰੀਮ, ਨਵੀਂ ਦਿੱਲੀ, ਐਲਐਨਜੇਪੀ ਹਸਪਤਾਲ, ਦਿੱਲੀ ਗੇਟ, ਦਿੱਲੀ ਸਕੱਤਰੇਤ ਅਤੇ ਇੰਦਰਪ੍ਰਸਥ ਸ਼ਾਮਲ ਹੋਣਗੇ।
