ਨਵੀਂ ਦਿੱਲੀ, 03 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸ਼ਨੀਵਾਰ) ਰਾਸ਼ਟਰੀ ਰਾਜਧਾਨੀ ਦੇ ਵਿਗਿਆਨ ਭਵਨ ਵਿਖੇ ਕਾਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀਐੱਲਈਏ) – ਰਾਸ਼ਟਰਮੰਡਲ ਅਟਾਰਨੀ ਅਤੇ ਸਾਲਿਸਟਰ ਜਨਰਲ ਸੰਮੇਲਨ (ਸੀਏਐੱਸਜੀਸੀ) 2024 ਦਾ ਉਦਘਾਟਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਸੰਬੋਧਨ ਵੀ ਕਰਨਗੇ। ਇਹ ਜਾਣਕਾਰੀ ਕੇਂਦਰ ਸਰਕਾਰ ਦੇ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਨੇ ਉਦਘਾਟਨੀ ਸਮਾਰੋਹ ਦੀ ਪੂਰਵ ਸੰਧਿਆ ‘ਤੇ ਜਾਰੀ ਇੱਕ ਬਿਆਨ ਵਿੱਚ ਦਿੱਤੀ।
ਪੀਆਈਬੀ ਦੇ ਅਨੁਸਾਰ, ਇਸ ਸੰਮੇਲਨ ਦਾ ਥੀਮ ਨਿਆਂ ਦੀ ਵੰਡ ’ਚ ਸਰਹੱਦ ਪਾਰ ਦੀਆਂ ਚੁਣੌਤੀਆਂ ਹੈ। ਸੰਮੇਲਨ ਕਾਨੂੰਨ ਅਤੇ ਨਿਆਂ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ (ਨਿਆਂਇਕ ਤਬਦੀਲੀ ਅਤੇ ਕਾਨੂੰਨੀ ਅਭਿਆਸ ਦੇ ਨੈਤਿਕ ਪਹਿਲੂ, ਕਾਰਜਕਾਰੀ ਜਵਾਬਦੇਹੀ ਅਤੇ ਹੋਰਨਾਂ ਗੱਲਾਂ ਤੋਂ ਇਲਾਵਾ ਆਧੁਨਿਕ ਕਾਨੂੰਨੀ ਸਿੱਖਿਆ ‘ਤੇ ਮੁੜ ਧਿਆਨ) ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਸੰਮੇਲਨ ’ਚ ਵੱਖ-ਵੱਖ ਅੰਤਰਰਾਸ਼ਟਰੀ ਡੈਲੀਗੇਸ਼ਨਾਂ ਦੇ ਨਾਲ ਏਸ਼ੀਆ-ਪ੍ਰਸ਼ਾਂਤ, ਅਫਰੀਕਾ ਅਤੇ ਕੈਰੇਬੀਅਨ ਦੇ ਰਾਸ਼ਟਰਮੰਡਲ ਦੇਸ਼ਾਂ ਦੇ ਅਟਾਰਨੀ ਜਨਰਲ ਅਤੇ ਸਾਲੀਸਿਟਰ ਸ਼ਾਮਲ ਹੋਣਗੇ। ਇਸ ਦੌਰਾਨ, ਚੁਣੌਤੀਆਂ ਦੇ ਹੱਲ ਲਈ ਇੱਕ ਰੂਪ-ਰੇਖਾ ਤਿਆਰ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਗੋਲਮੇਜ਼ ਸੰਮੇਲਨ ਵੀ ਆਯੋਜਿਤ ਕੀਤੀ ਜਾਵੇਗਾ।
