ਨਵੀਂ ਦਿੱਲੀ, 03 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਓਡੀਸ਼ਾ ਅਤੇ ਅਸਾਮ ਦੇ ਦੋ ਦਿਨਾਂ ਦੌਰੇ ‘ਤੇ ਹਨ। ਉਹ ਅੱਜ (ਸ਼ਨੀਵਾਰ) ਦੁਪਹਿਰ ਸੰਬਲਪੁਰ, ਓਡੀਸ਼ਾ ਵਿੱਚ ਆਯੋਜਿਤ ਇੱਕ ਜਨਤਕ ਸਮਾਗਮ ਵਿੱਚ 68,000 ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਸਾਮ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਮੋਦੀ ਅਗਲੇ ਦਿਨ ਐਤਵਾਰ ਸਵੇਰੇ ਗੁਵਾਹਾਟੀ ਵਿੱਚ ਆਯੋਜਿਤ ਇੱਕ ਜਨਤਕ ਸਮਾਗਮ ਵਿੱਚ 11,000 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਕੇਂਦਰ ਸਰਕਾਰ ਦੇ ਪ੍ਰੈੱਸ ਸੂਚਨਾ ਬਿਊਰੋ (ਪੀ.ਆਈ.ਬੀ.) ਨੇ ਪ੍ਰਧਾਨ ਮੰਤਰੀ ਦੇ ਓਡੀਸ਼ਾ ਦੌਰੇ ਦੀ ਪੂਰਵ ਸੰਧਿਆ ‘ਤੇ ਜਾਰੀ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਓਡੀਸ਼ਾ ਦੇ ਸੰਬਲਪੁਰ ਵਿੱਚ ਜਗਦੀਸ਼ਪੁਰ-ਹਲਦੀਆ ਅਤੇ ਬੋਕਾਰੋ-ਧਾਮਰਾ ਪਾਈਪਲਾਈਨ ਪ੍ਰੋਜੈਕਟ (ਜੇਐੱਚਬੀਡੀਪੀਐੱਲ) ਦੇ ‘ਧਾਮਰਾ-ਅੰਗੁਲ ਪਾਈਪਲਾਈਨ ਸੈਕਸ਼ਨ (412 ਕਿਲੋਮੀਟਰ) ਦਾ ਉਦਘਾਟਨ ਕਰਨਗੇ। ‘ਪ੍ਰਧਾਨ ਮੰਤਰੀ ਊਰਜਾ ਗੰਗਾ’ ਦੇ ਤਹਿਤ 2450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਇਹ ਪ੍ਰੋਜੈਕਟ ਓਡੀਸ਼ਾ ਨੂੰ ਰਾਸ਼ਟਰੀ ਗੈਸ ਗਰਿੱਡ ਨਾਲ ਜੋੜੇਗਾ। ਪ੍ਰਧਾਨ ਮੰਤਰੀ ਮੁੰਬਈ-ਨਾਗਪੁਰ-ਝਾਰਸੁਗੁੜਾ ਪਾਈਪਲਾਈਨ ਦੇ ‘ਨਾਗਪੁਰ ਝਾਰਸੁਗੁੜਾ ਨੈਚੁਰਲ ਗੈਸ ਪਾਈਪਲਾਈਨ ਸੈਕਸ਼ਨ (692 ਕਿਲੋਮੀਟਰ)’ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ 2660 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੂਰਾ ਹੋਵੇਗਾ। ਇਸ ਨਾਲ ਓਡੀਸ਼ਾ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਰਗੇ ਰਾਜਾਂ ਵਿੱਚ ਕੁਦਰਤੀ ਗੈਸ ਦੀ ਉਪਲੱਬਧਤਾ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ।
ਪੀਆਈਬੀ ਦੇ ਅਨੁਸਾਰ, ਇਸ ਦੌਰਾਨ ਪ੍ਰਧਾਨ ਮੰਤਰੀ ਲਗਭਗ 28,980 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਪਾਵਰ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲੇ ਵਿੱਚ ਐੱਨਟੀਪੀਸੀ ਦਰਲੀਪਲੀ ਸੁਪਰ ਥਰਮਲ ਪਾਵਰ ਸਟੇਸ਼ਨ (2×800 ਮੈਗਾਵਾਟ) ਅਤੇ ਐੱਨਐੱਸਪੀਸੀਐੱਲ ਰੋਰਕੇਲਾ ਪੀਪੀ-2 ਵਿਸਥਾਰ ਪ੍ਰੋਜੈਕਟ (1×250 ਮੈਗਾਵਾਟ) ਸ਼ਾਮਲ ਹਨ। ਪ੍ਰਧਾਨ ਮੰਤਰੀ ਓਡੀਸ਼ਾ ਦੇ ਅੰਗੁਲ ਜ਼ਿਲ੍ਹੇ ਵਿੱਚ ਐੱਨਟੀਪੀਸੀ ਤਾਲਚੇਰ ਥਰਮਲ ਪਾਵਰ ਪ੍ਰੋਜੈਕਟ, ਪੜਾਅ-3 (2×660 ਮੈਗਾਵਾਟ) ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪਾਵਰ ਪ੍ਰੋਜੈਕਟ ਓਡੀਸ਼ਾ ਦੇ ਨਾਲ-ਨਾਲ ਕਈ ਹੋਰ ਰਾਜਾਂ ਨੂੰ ਸਸਤੀ ਬਿਜਲੀ ਸਪਲਾਈ ਕਰਨਗੇ।
ਪ੍ਰਧਾਨ ਮੰਤਰੀ ਮੋਦੀ 27000 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ (ਐੱਨ.ਐੱਲ.ਸੀ.) ਦੇ ਤਾਲਾਬੀਰਾ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੰਗੁਲ ਜ਼ਿਲੇ ਵਿੱਚ ਤਾਲਚੇਰ ਕੋਲਫੀਲਡਜ਼ ਵਿੱਚ ਫਸਟ ਮਾਈਲ ਕਨੈਕਟੀਵਿਟੀ (ਐੱਫ. ਐੱਮ. ਸੀ.) ਪ੍ਰੋਜੈਕਟਾਂ-ਭੁਵਨੇਸ਼ਵਰੀ ਫੇਜ਼-1 ਅਤੇ ਲਾਜਕੁਰਾ ਰੈਪਿਡ ਲੋਡਿੰਗ ਸਿਸਟਮ (ਆਰਐੱਲਐੱਸ) ਸਮੇਤ ਮਹਾਨਦੀ ਕੋਲ ਫੀਲਡਜ਼ ਲਿਮਟਿਡ ਦੇ ਕੋਲਾ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ।ਲਗਭਗ 2145 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪ੍ਰੋਜੈਕਟ ਓਡੀਸ਼ਾ ਤੋਂ ਸੁੱਕੇ ਈਂਧਨ ਦੀ ਗੁਣਵੱਤਾ ਅਤੇ ਸਪਲਾਈ ਨੂੰ ਹੁਲਾਰਾ ਦੇਣਗੇ। ਪ੍ਰਧਾਨ ਮੰਤਰੀ ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ਵਿੱਚ 550 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਆਈਬੀ ਵੈਲੀ ਵਾਸ਼ਰੀ ਦਾ ਵੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮਹਾਨਦੀ ਕੋਲ ਫੀਲਡਜ਼ ਲਿਮਟਿਡ ਦੁਆਰਾ 878 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਏ ਗਏ ਝਾਰਸੁਗੁੜਾ-ਬਾਰਪਾਲੀ-ਸਰਡੇਗਾ ਰੇਲ ਲਾਈਨ ਫੇਜ਼-1 ਦੇ 50 ਕਿਲੋਮੀਟਰ ਲੰਬੇ ਦੂਜੇ ਟਰੈਕ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਲਗਭਗ 2110 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਵਿਕਸਤ ਕੀਤੇ ਗਏ ਰਾਸ਼ਟਰੀ ਰਾਜਮਾਰਗ ਦੇ ਤਿੰਨ ਸੜਕ ਖੇਤਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਨਐੱਚ 215 (ਨਵਾਂ ਐੱਨਐੱਚ ਨੰਬਰ 520) ਦੇ ਰਿਮੁਲੀ-ਕੋਇਡਾ ਸੈਕਸ਼ਨ ਨੂੰ ਚਾਰ-ਮਾਰਗੀ ਕਰਨਾ, ਐੱਨਐੱਚ 23 (ਨਵਾਂ ਐੱਨਐੱਚ ਨੰ. 143) ਦੇ ਬੀਰਮਿਤ੍ਰਪੁਰ-ਬ੍ਰਾਹਮਣੀ ਬਾਈਪਾਸ ਐਂਡ ਸੈਕਸ਼ਨ ਨੂੰ ਚਾਰ-ਮਾਰਗੀ ਕਰਨਾ ਅਤੇ ਬ੍ਰਾਹਮਣੀ ਬਾਈਪਾਸ ਐਂਡ -ਰਾਜਾਮੁੰਡਾ ਸੈਕਸ਼ਨ ਚਾਰ-ਮਾਰਗੀ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਕਰੀਬ 2146 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਸੰਬਲਪੁਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ। ਇਸ ਦੀ ਆਰਕੀਟੈਕਚਰ ਸ਼ੈਲਸ਼੍ਰੀ ਪੈਲੇਸ ਤੋਂ ਪ੍ਰੇਰਿਤ ਹੈ। ਪ੍ਰਧਾਨ ਮੰਤਰੀ ਮੋਦੀ ਆਈਆਈਐੱਮ ਸੰਬਲਪੁਰ ਦੇ ਸਥਾਈ ਕੈਂਪਸ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਉਹ ਝਾਰਸੁਗੁੜਾ ਹੈੱਡ ਪੋਸਟ ਆਫਿਸ ਹੈਰੀਟੇਜ ਬਿਲਡਿੰਗ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪੀਆਈਬੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਦਿਨ ਗੁਵਾਹਾਟੀ ਵਿੱਚ 11,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ਵਿੱਚ ਮਾਂ ਕਾਮਾਖਿਆ ਬ੍ਰਹਮ ਪ੍ਰੋਜੈਕਟ (ਮਾਂ ਕਾਮਾਖਿਆ ਐਕਸੈਸ ਕੋਰੀਡੋਰ) ਸ਼ਾਮਲ ਹੈ। ਇਸ ਨੂੰ ਉੱਤਰ ਪੂਰਬੀ ਖੇਤਰ ਯੋਜਨਾ ਲਈ ਪ੍ਰਧਾਨ ਮੰਤਰੀ ਵਿਕਾਸ ਪਹਿਲਕਦਮੀ ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਇਹ ਪ੍ਰੋਜੈਕਟ ਕਾਮਾਖਿਆ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ 3,400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਸੜਕ ਅਪਗ੍ਰੇਡੇਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ 38 ਪੁਲਾਂ ਸਮੇਤ 43 ਸੜਕਾਂ ਸ਼ਾਮਲ ਹਨ। ਇਨ੍ਹਾਂ ਨੂੰ ਦੱਖਣੀ ਏਸ਼ੀਆ ਉਪ-ਖੇਤਰੀ ਆਰਥਿਕ ਸਹਿਯੋਗ (ਐੱਸਏਐੱਸਈਸੀ) ਕੋਰੀਡੋਰ ਕਨੈਕਟੀਵਿਟੀ ਦੇ ਹਿੱਸੇ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਡੋਲਾਬਾਰੀ ਤੋਂ ਜਮੁਗੁਰੀ ਅਤੇ ਵਿਸ਼ਵਨਾਥ ਚਾਰਿਆਲੀ ਤੋਂ ਗੋਹਪੁਰ ਤੱਕ ਦੋ ਚਾਰ ਮਾਰਗੀ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਇਟਾਨਗਰ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ ਉਹ ਆਸਾਮ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਚੰਦਰਪੁਰ ਵਿਖੇ ਇੱਕ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਅਤੇ ਨਹਿਰੂ ਸਟੇਡੀਅਮ ਨੂੰ ਫੀਫਾ ਮਿਆਰੀ ਫੁੱਟਬਾਲ ਸਟੇਡੀਅਮ ਵਿੱਚ ਅਪਗ੍ਰੇਡ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਗੁਵਾਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ। ਇਸ ਤੋਂ ਇਲਾਵਾ ਉਹ ਕਰੀਮਗੰਜ ਵਿੱਚ ਇੱਕ ਮੈਡੀਕਲ ਕਾਲਜ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ।
