ਨਵੀਂ ਦਿੱਲੀ, 20 ਮਾਰਚ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਟਾਰਟਅੱਪ ਮਹਾਕੁੰਭ ਨੂੰ ਸੰਬੋਧਨ ਕਰਨਗੇ। ਇਸ ਦਾ ਆਯੋਜਨ ਰਾਸ਼ਟਰੀ ਰਾਜਧਾਨੀ ਦੇ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ‘ਚ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਮਹਾਕੁੰਭ ਦੀ ਸਫਲਤਾ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਆਪਣੇ ਐਕਸ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਦੇ ਮੁਤਾਬਕ ਸਟਾਰਟਅੱਪ ਮਹਾਕੁੰਭ ਦੇਸ਼ ਦਾ ਸਭ ਤੋਂ ਵੱਡਾ ਅਤੇ ਆਪਣੀ ਤਰ੍ਹਾਂ ਦਾ ਪਹਿਲਾ ਸਟਾਰਟਅੱਪ ਆਯੋਜਨ ਹੈ। ਇਸ ਵਿੱਚ ਰਿਕਾਰਡ ਭਾਗੀਦਾਰੀ ਦਰਜ ਕੀਤੀ ਗਈ। ਇਹ ਮਹਾਕੁੰਭ ਭਾਰਤੀ ਸਟਾਰਟਅੱਪ ਈਕੋ ਸਿਸਟਮ ਦੇ ਸਾਰੇ ਹਿੱਸੇਦਾਰਾਂ ਲਈ ਇੱਕ ਲਾਈਵ ਪਲੇਟਫਾਰਮ ਵਜੋਂ ਸੇਵਾ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਐਕਸ ਹੈਂਡਲ ’ਤੇ ਲਿਖਿਆ, ਕੱਲ੍ਹ ਸਵੇਰੇ 10:30 ਵਜੇ ਮੈਂ ਸਟਾਰਟਅਪ ਮਹਾਕੁੰਭ ਵਿੱਚ ਬੋਲਾਂਗਾ, ਇੱਕ ਅਜਿਹਾ ਮੰਚ ਜੋ ਸਟਾਰਟਅਪ ਦੁਨੀਆ ਦੇ ਹਿੱਸੇਦਾਰਾਂ, ਨਵੀਨਤਾਕਾਰਾਂ ਅਤੇ ਉਭਰਦੇ ਉੱਦਮੀਆਂ ਨੂੰ ਇੱਕਠੇ ਕਰਦਾ ਹੈ। ਸਟਾਰਟਅੱਪਸ ਦੀ ਦੁਨੀਆ ਵਿੱਚ ਭਾਰਤ ਦੀ ਤਰੱਕੀ ਪਿਛਲੇ ਕੁਝ ਸਾਲਾਂ ਵਿੱਚ ਬੇਮਿਸਾਲ ਰਹੀ ਹੈ।
ਵਰਣਨਯੋਗ ਹੈ ਕਿ ਇਸ ਵਿਸ਼ਾਲ ਸੰਗਮ ਵਿਚ 2000 ਤੋਂ ਵੱਧ ਸਟਾਰਟਅੱਪ, 1000 ਨਿਵੇਸ਼ਕ, 100 ਤੋਂ ਵੱਧ ਯੂਨੀਕੋਰਨ ਅਤੇ 300 ਤੋਂ ਵੱਧ ਇਨਕਿਊਬੇਟਰਾਂ ਅਤੇ ਐਕਸੀਲੇਟਰਾਂ ਦੀ ਮੌਜੂਦਗੀ ਦਰਜ ਕੀਤੀ ਗਈ ਹੈ। ਸਾਰੇ ਰਾਜਾਂ ਦੇ 3,000 ਤੋਂ ਵੱਧ ਡੈਲੀਗੇਟ, 3000 ਭਵਿੱਖੀ ਉੱਦਮੀ ਅਤੇ 50,000 ਵਪਾਰਕ ਵਿਜ਼ਟਰ ਸ਼ਾਮਲ ਹਨ। ਸਟਾਰਟਅੱਪ ਮਹਾਕੁੰਭ ਦਾ ਉਦੇਸ਼ ਉੱਭਰਦੇ ਖੇਤਰਾਂ ਜਿਵੇਂ ਕਿ ਅਤਿ-ਆਧੁਨਿਕ ਤਕਨਾਲੋਜੀ, ਖੇਤੀਬਾੜੀ ਤਕਨਾਲੋਜੀ, ਬਾਇਓਟੈਕਨਾਲੋਜੀ, ਮੈਡੀਕਲ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਗੇਮਿੰਗ ਆਦਿ ਨੂੰ ਹੋਰ ਵਿਕਸਤ ਕਰਨਾ ਹੈ। ਇਸ ਵਿੱਚ 10 ਤੋਂ ਵੱਧ ਦੇਸ਼ਾਂ ਦੇ ਵਫ਼ਦ ਹਿੱਸਾ ਲੈ ਰਹੇ ਹਨ।
ਇਹ ਪ੍ਰੋਗਰਾਮ ਐਸੋਚੈਮ, ਨੈਸਕਾਮ, ਬੂਟਸਟ੍ਰੈਪ ਇਨਕਿਊਬੇਸ਼ਨ ਐਂਡ ਐਡਵਾਈਜ਼ਰੀ ਫਾਉਂਡੇਸ਼ਨ, ਟੀਆਈਈ ਅਤੇ ਇੰਡੀਅਨ ਵੇਂਚਰ ਐਂਡ ਅਲਟਰਨੇਟ ਕੈਪੀਟਲ ਐਸੋਸੀਏਸ਼ਨ (ਆਈਵੀਸੀਏ) ਦੇ ਸਾਂਝੇ ਯਤਨਾਂ ਨਾਲ ਆਯੋਜਿਤ ਕੀਤਾ ਗਿਆ ਹੈ। ਇਹ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਟਰਨਲ ਟਰੇਡ (ਡੀਪੀਆਈਆਈਟੀ), ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐਮਈਆਈਟੀਵਾਈ), ਸਟਾਰਟਅੱਪ ਹੱਬ (ਐਮਐਸਐਚ) ਅਤੇ ਇਨਵੈਸਟ ਇੰਡੀਆ ਦੁਆਰਾ ਸਮਰਥਤ ਹੈ। ਸਟਾਰਟਅੱਪ ਮਹਾਕੁੰਭ 18 ਮਾਰਚ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਇਸ ਦੀ ਥੀਮ ਹੈ – ਭਾਰਤ ਇਨੋਵੇਟਸ। ਸਟਾਰਟਅੱਪ ਮਹਾਕੁੰਭ ਭਾਰਤ ਦਾ ਸਭ ਤੋਂ ਵੱਡਾ ਅਤੇ ਆਪਣੀ ਕਿਸਮ ਦਾ ਪਹਿਲਾ ਸਟਾਰਟਅੱਪ ਈਵੈਂਟ ਹੈ।
