ਨਵੀਂ ਦਿੱਲੀ, 23 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਸਕੋ ਦੇ ਕ੍ਰਾਸਨੋਗੋਰਸਕ ਸ਼ਹਿਰ ਦੇ ਕ੍ਰੋਕਸ ਸਿਟੀ ਹਾਲ (ਸੰਗੀਤ ਸਥਾਨ) ‘ਤੇ ਹੋਏ ਅੱਤਵਾਦੀ ਹਮਲੇ ਦੀ ਸ਼ਨੀਵਾਰ ਨੂੰ ਸਖ਼ਤ ਨਿੰਦਾ ਕੀਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਹੈਂਡਲ ਪੋਸਟ ‘ਤੇ ਲਿਖਿਆ, ਅਸੀਂ ਮਾਸਕੋ ਵਿੱਚ ਹੋਏ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹਨ। ਇਸ ਦੁੱਖ ਦੀ ਘੜੀ ਵਿੱਚ ਭਾਰਤ ਰੂਸੀ ਸੰਘ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇੱਕਜੁਟਤਾ ਨਾਲ ਖੜਾ ਹੈ।’’
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੋਏ ਇਸ ਅੱਤਵਾਦੀ ਹਮਲੇ ‘ਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। 80 ਜ਼ਖਮੀਆਂ ਨੂੰ ਮਾਸਕੋ ਦੇ ਹਸਪਤਾਲਾਂ ‘ਚ ਲਿਜਾਇਆ ਗਿਆ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਅਗਲੇ ਦੋ ਦਿਨਾਂ ਵਿੱਚ ਰਾਜਧਾਨੀ ਵਿੱਚ ਸਾਰੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ।
