ਨਵੀਂ ਦਿੱਲੀ, 22 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਕਰੀਬ 7 ਵਜੇ ਭੂਟਾਨ ਲਈ ਰਵਾਨਾ ਹੋ ਗਏ। ਉਹ 22-23 ਮਾਰਚ ਨੂੰ ਭੂਟਾਨ ਦੇ ਸਰਕਾਰੀ ਦੌਰੇ ‘ਤੇ ਹੋਣਗੇ। ਇਸ ਤੋਂ ਪਹਿਲਾਂ ਭਾਰਤ ਸਰਕਾਰ ਦੀ ‘ਨੇਬਰਹੁੱਡ ਫਸਟ ਪਾਲਿਸੀ’ ਤਹਿਤ ਪ੍ਰਧਾਨ ਮੰਤਰੀ ਮੋਦੀ ਨੇ 21-22 ਮਾਰਚ ਨੂੰ ਭੂਟਾਨ ਦਾ ਦੌਰਾ ਕਰਨਾ ਸੀ। ਪਰ ਖ਼ਰਾਬ ਮੌਸਮ ਕਾਰਨ ਉਹ ਰਵਾਨਾ ਨਹੀਂ ਹੋ ਸਕੇ ਸਨ।
ਭੂਟਾਨ ਦੌਰੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਐਕਸ-ਪੋਸਟ ‘ਚ ਲਿਖਿਆ, ”ਮੈਂ ਭਾਰਤ-ਭੂਟਾਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪ੍ਰੋਗਰਾਮਾਂ ‘ਚ ਹਿੱਸਾ ਲਵਾਂਗਾ। ਮੈਂ ਭੂਟਾਨ ਦੇ ਮਹਾਮਹਿਮ ਰਾਜਾ, ਮਹਾਮਹਿਮ ਚੌਥੇ ਡਰੁਕ ਗਯਾਲਪੋ ਅਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਲਈ ਉਤਸੁਕ ਹਾਂ।
ਇਸ ਤੋਂ ਪਹਿਲਾਂ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਪਿਛਲੇ ਹਫਤੇ ਵੀਰਵਾਰ ਤੋਂ ਭਾਰਤ ਦੇ ਪੰਜ ਦਿਨਾਂ ਦੌਰੇ ‘ਤੇ ਸਨ। ਜਨਵਰੀ ‘ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਸੀ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਵੱਖ-ਵੱਖ ਉਦਯੋਗਾਂ ਦੇ ਮੁਖੀਆਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਹੋਰ ਵੀ ਕਈ ਸਮਾਗਮਾਂ ਵਿੱਚ ਹਿੱਸਾ ਲਿਆ ਸੀ।
