ਜੰਮੂ, 17 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਦੌਰੇ ਦੌਰਾਨ 3,161 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਮੋਦੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਵੀ ਕਰਨਗੇ।
ਪ੍ਰਧਾਨ ਮੰਤਰੀ ਜੰਮੂ ਸ਼ਹਿਰ ਦੇ ਐੱਮ.ਏ. ਸਟੇਡੀਅਮ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਹਾਲ ਹੀ ਵਿੱਚ ਐੱਸ. ਟੀ. ਦਾ ਦਰਜਾ ਪ੍ਰਾਪਤ ਹੋਏ ਪਹਾੜੀ ਭਾਈਚਾਰੇ ਵਿੱਚ ਇਸ ਜਨਤਕ ਰੈਲੀ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਉਤਸ਼ਾਹ ਦਿਖਾਈ ਦੇ ਰਿਹਾ ਹੈ। ਸਟੇਡੀਅਮ ਵਿੱਚ ਦੋ ਘੰਟੇ ਦੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 3,161 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਦੇਣਗੇ ਅਤੇ ਸਟੇਡੀਅਮ ਤੋਂ ਵੀਡੀਓ ਕਾਨਫਰੰਸਿੰਗ ਪ੍ਰੋਗਰਾਮ ਰਾਹੀਂ ਲੋਕਾਂ ਨਾਲ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਜੰਮੂ-ਸ੍ਰੀਨਗਰ ਰੇਲਗੱਡੀ ਦਾ ਅੰਸ਼ਕ ਤੌਰ ‘ਤੇ ਉਦਘਾਟਨ ਕਰਨਗੇ, ਜੋ ਬਨਿਹਾਲ ਸ਼ਹਿਰ ਤੋਂ 48.5 ਕਿਲੋਮੀਟਰ ਅੱਗੇ ਦੀ ਪ੍ਰਤੀਕਾਤਮਕ ਯਾਤਰਾ ਕਰੇਗੀ। ਇਸ ਤੋਂ ਇਲਾਵਾ ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਕਸਬੇ ਵਿੱਚ ਏਮਜ਼, ਰਿਆਸੀ ਜ਼ਿਲ੍ਹੇ ਵਿੱਚ ਸਭ ਤੋਂ ਉੱਚਾ ਰੇਲਵੇ ਪੁਲ, ਦੇਵਿਕਾ ਪੁਨਰਜੀਵਨ ਪ੍ਰੋਜੈਕਟ, ਸ਼ਾਹਪੁਰ ਕੰਡੀ ਪ੍ਰੋਜੈਕਟ, ਆਈਆਈਐੱਮ ਜੰਮੂ, ਜੰਮੂ ਅਤੇ ਕਸ਼ਮੀਰ ਦੋਵਾਂ ਡਿਵੀਜ਼ਨਾਂ ਵਿੱਚ ਕਈ ਵੱਡੀਆਂ ਸੜਕਾਂ ਅਤੇ ਪ੍ਰੋਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਬਲਾਂ ਨੂੰ ਵੱਧ ਤੋਂ ਵੱਧ ਅਲਰਟ ‘ਤੇ ਰੱਖਿਆ ਗਿਆ ਹੈ।
