ਨਵੀਂ ਦਿੱਲੀ, 11 ਮਾਰਚ । ਰਾਸ਼ਟਰਪਤੀ ਦ੍ਰੋਪਦੀ ਮੁਰਮੂ ਆਪਣੇ ਪਹਿਲੇ ਤਿੰਨ ਦਿਨਾਂ ਰਾਜ ਦੌਰੇ ‘ਤੇ ਮਾਰੀਸ਼ਸ ਲਈ ਰਵਾਨਾ ਹੋ ਗਏ ਹਨ। ਉਹ ਕੱਲ੍ਹ (12 ਮਾਰਚ) ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਇਸ ਸਮਾਰੋਹ ਵਿੱਚ ਭਾਰਤੀ ਜਲ ਸੈਨਾ ਦਾ ਇੱਕ ਦਲ ਵੀ ਹਿੱਸਾ ਲਵੇਗਾ। ਇਸ ਵਿੱਚ ਭਾਰਤੀ ਜਲ ਸੈਨਾ ਦੇ ਪਹਿਲੇ ਸਿਖਲਾਈ ਸਕੁਐਡਰਨ ਜਹਾਜ਼ – ਆਈਐਨਐਸ ਤੀਰ ਅਤੇ ਸੀਜੀਐਸ ਸਾਰਥੀ ਸ਼ਾਮਲ ਹੋਣਗੇ।
ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮਾਰੀਸ਼ਸ ਦੇ ਰਾਸ਼ਟਰਪਤੀ ਪ੍ਰਿਥਵੀਰਾਜ ਸਿੰਘ ਰੋਪੁਨ ਅਤੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜੁਗਨਾਥ ਨਾਲ ਦੋ-ਪੱਖੀ ਮੀਟਿੰਗਾਂ ਕਰਨਗੇ। ਉਹ ਮਾਰੀਸ਼ਸ ਨੈਸ਼ਨਲ ਅਸੈਂਬਲੀ ਦੇ ਸਪੀਕਰ, ਮਾਰੀਸ਼ਸ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।
ਰਾਸ਼ਟਰਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਜੁਗਨਾਥ ਸਾਂਝੇ ਤੌਰ ‘ਤੇ ਮੌਰੀਸ਼ਸ ਦੇ ਨਾਲ ਭਾਰਤ ਦੀ ਜੀਵੰਤ ਵਿਕਾਸ ਭਾਈਵਾਲੀ ਦੀ ਵਧ ਰਹੀ ਅਤੇ ਬਹੁਪੱਖੀ ਪ੍ਰਕਿਰਤੀ ਨੂੰ ਦਰਸਾਉਂਦੇ ਹੋਏ ਭਾਰਤ ਦੁਆਰਾ ਸਹਾਇਤਾ ਪ੍ਰਾਪਤ 14 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
