ਨਵੀਂ ਦਿੱਲੀ, 20 ਫਰਵਰੀ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਚਾਰ ਟਾਈਮ ਬੰਬ ਬਰਾਮਦ ਹੋਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੰਬ ਬਰਾਮਦਗੀ ਮਾਮਲੇ ਵਿੱਚ ਉੱਤਰ ਪ੍ਰਦੇਸ਼ ਐਸਟੀਐਫ ਨੇ 25 ਸਾਲਾ ਜਾਵੇਦ ਅਤੇ 60 ਸਾਲਾ ਇਮਰਾਨਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਐੱਨ.ਆਈ. ਏ. ਨੇ ਕਿਹਾ ਕਿ ਗ੍ਰਿਫਤਾਰੀ ਤੋਂ ਬਾਅਦ, ਇਮਰਾਨਾ ਅਤੇ ਜਾਵੇਦ ਦੇ ਖਿਲਾਫ ਆਈਪੀਸੀ ਦੀ ਧਾਰਾ 286 ਅਤੇ ਵਿਸਫੋਟਕ ਐਕਟ ਦੀ ਧਾਰਾ 4/5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਨ. ਆਈ. ਏ. ਤੋਂ ਇਲਾਵਾ ਸਥਾਨਕ ਪੁਲਿਸ ਅਤੇ ਕਈ ਹੋਰ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਐੱਨ. ਆਈ. ਏ. ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਇੱਕ ਟੀਮ ਸੋਮਵਾਰ ਸ਼ਾਮ ਦੋ ਸ਼ੱਕੀ ਵਿਅਕਤੀਆਂ ਦੇ ਘਰ ਪਹੁੰਚੀ ਅਤੇ ਇੱਕ ਘੰਟੇ ਤੱਕ ਜਾਂਚ ਕੀਤੀ। ਇਸ ਦੇ ਨਾਲ ਹੀ ਸਥਾਨਕ ਪੁਲਿਸ ਤੋਂ ਵੀ ਜਾਣਕਾਰੀ ਲਈ ਗਈ। ਕੇਸਾਂ ਦੀ ਪੁਸ਼ਟੀ ਕਰਨ ਲਈ ਸ਼ੱਕੀਆਂ ਦਾ ਰਿਮਾਂਡ ਲਿਆ ਜਾਵੇਗਾ।
