ਨਵੀਂ ਦਿੱਲੀ, 10 ਫਰਵਰੀ । ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਅੱਜ (ਸ਼ਨੀਵਾਰ) ਤੋਂ ‘ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ’ ਸ਼ੁਰੂ ਹੋਵੇਗਾ। ਇਸ ਵਾਰ ਇਸ ਦੀ ਥੀਮ ‘ਬਹੁ-ਭਾਸ਼ਾਈ ਭਾਰਤ: ਇੱਕ ਜੀਵਤ ਪਰੰਪਰਾ’ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ਇਸਦਾ ਉਦਘਾਟਨ ਕਰਨਗੇ। ਇਸ ਵਾਰ ਪੁਸਤਕਾਂ ਦੇ ਇਸ ਮਹਾਕੁੰਭ ਵਿੱਚ ਵੱਖ-ਵੱਖ ਦੇਸ਼ਾਂ ਅਤੇ ਭਾਸ਼ਾਵਾਂ ਦੇ 1000 ਤੋਂ ਵੱਧ ਪ੍ਰਕਾਸ਼ਕਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ।
ਕੇਂਦਰੀ ਮੰਤਰੀ ਪ੍ਰਧਾਨ ਇਸ ਮੌਕੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਵੀ ਉਦਘਾਟਨ ਕਰਨਗੇ। ਵਿਸ਼ਵ ਪੁਸਤਕ ਮੇਲੇ ਦੇ ਪ੍ਰਬੰਧਕ ਨੈਸ਼ਨਲ ਬੁੱਕ ਟਰੱਸਟ, ਇੰਡੀਆ (ਨੈਸ਼ਨਲ ਬੁੱਕ ਟਰੱਸਟ) ਦੇ ਚੇਅਰਮੈਨ ਪ੍ਰੋ. ਮਿਲਿੰਦ ਸੁਧਾਕਰ ਮਰਾਠੇ ਦਾ ਕਹਿਣਾਂ ਹੈ, “ਭਾਰਤ ਭਾਸ਼ਾਵਾਂ ਵਿੱਚ ਅਮੀਰ ਦੇਸ਼ ਹੈ। ਅਨੁਸੂਚੀ ਅੱਠ ਵਿੱਚ 22 ਭਾਸ਼ਾਵਾਂ ਦਾ ਜ਼ਿਕਰ ਹੈ, ਪਰ ਇੱਥੇ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ। ਤੁਹਾਨੂੰ ਇੱਕ ਸ਼ਬਦ ਵੱਖ-ਵੱਖ ਭਾਸ਼ਾਵਾਂ ਵਿੱਚ ਮਿਲੇਗਾ। ਪੂਰੀ ਦੁਨੀਆ ਦਾ ਗਿਆਨ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧ ਹੈ। ਇਸ ਵਿੱਚ ਸਾਹਿਤ ਦੀ ਅਹਿਮ ਭੂਮਿਕਾ ਹੈ। ਇਸ ਵਾਰ ਵਿਸ਼ਵ ਪੁਸਤਕ ਮੇਲੇ ਵਿੱਚ ਭਾਸ਼ਾਵਾਂ ਦਾ ਸਾਹਿਤਕ ਜਸ਼ਨ ਮਨਾਇਆ ਜਾਵੇਗਾ।’’
ਯੁਵਰਾਜ ਮਲਿਕ, ਡਾਇਰੈਕਟਰ, ਨੈਸ਼ਨਲ ਬੁੱਕ ਟਰੱਸਟ, ਇੰਡੀਆ, ਦਾ ਮੰਨਣਾ ਹੈ, “ਦੁਨੀਆ ਦਾ ਸਭ ਤੋਂ ਵੱਡਾ ਪੁਸਤਕ ਮੇਲਾ ਸਿਰਫ਼ ਇੱਕ ਸਮਾਗਮ ਨਹੀਂ ਹੈ, ਇਹ ਇੱਕ ਤਿਉਹਾਰ ਹੈ, ਜਿਸ ਵਿੱਚ ਪਾਠਕਾਂ ਨੂੰ ਕਿਤਾਬਾਂ ਦੇ ਨਾਲ-ਨਾਲ ਭਾਰਤ ਦੇ ਵਿਭਿੰਨ ਸੱਭਿਆਚਾਰ ਅਤੇ ਲੋਕ ਕਲਾ ਦੀ ਝਲਕ ਮਿਲਦੀ ਹੈ। ਇਸ ਵਾਰ 1000 ਤੋਂ ਵੱਧ ਪ੍ਰਕਾਸ਼ਕ ਇਸ ਵਿੱਚ ਭਾਗ ਲੈ ਰਹੇ ਹਨ। ਇਸ ਵਾਰ ਪੁਸਤਕ ਮੇਲੇ ਵਿੱਚ ਇੱਕ ਨਵੀਂ ਪਹਿਲ ਕੀਤੀ ਜਾਵੇਗੀ। ‘ਫੈਸਟੀਵਲ ਆਫ ਫੈਸਟੀਵਲ’ ਵਿੱਚ ਅਹਿਮਦਾਬਾਦ ਲਿਟਰੇਚਰ ਫੈਸਟੀਵਲ, ਸਿਨੇਮਾ ਦਰਬਾਰ, ਭਾਰਤ ਸਾਹਿਤ ਮਹੋਤਸਵ, ਪ੍ਰਗਤੀ ਵਿਚਾਰ ਦੇ ਪ੍ਰਤੀਨਿਧਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਪੁਸਤਕ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਇਸ ਵਾਰ ਈ-ਲਰਨਿੰਗ ਪ੍ਰਤੀ ਉਤਸ਼ਾਹ ਨੂੰ ਦੇਖਦੇ ਹੋਏ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਵਿਸ਼ਵ ਪੁਸਤਕ ਮੇਲੇ ਵਿੱਚ ਬੱਚਿਆਂ ਲਈ ਈ-ਮੈਜਿਕ ਬਾਕਸ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟ ‘ਇੰਡੀਆ ਦ ਮਦਰ ਆਫ ਡੈਮੋਕਰੇਸੀ’ ਵਿਸ਼ੇ ‘ਤੇ ਇਕ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ ਕਰੇਗਾ। 11 ਫਰਵਰੀ ਨੂੰ ‘ਸੀਈਓ ਸਪੀਕ’ ਕਰਵਾਇਆ ਜਾਵੇਗਾ। ਨਵੀਂ ਦਿੱਲੀ ਰਾਈਟਸ ਟੇਬਲ ਦਾ ਆਯੋਜਨ 11 ਤੋਂ 12 ਫਰਵਰੀ ਤੱਕ ਕੀਤਾ ਜਾਵੇਗਾ। ਇਸ ਵਾਰ ਜੰਮੂ-ਕਸ਼ਮੀਰ, ਲੱਦਾਖ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਬੈਂਡ ਆ ਰਹੇ ਹਨ, ਜੋ ਵਿਸ਼ਵ ਪੁਸਤਕ ਮੇਲੇ ਵਿੱਚ ਸਾਹਿਤਕ ਮੇਲੇ ਦੀ ਰੌਣਕ ਵਧਾਉਣਗੇ।
ਪ੍ਰਗਤੀ ਮੈਦਾਨ ਦੇ ਹਾਲ ਨੰਬਰ ਇੱਕ ਤੋਂ ਪੰਜ ਵਿੱਚ ਲੱਗਣ ਵਾਲੇ ਇਸ ਪੁਸਤਕ ਮੇਲੇ ਵਿੱਚ ਪਾਠਕਾਂ ਨੂੰ ਹਾਲ ਨੰਬਰ ਇੱਕ ਵਿੱਚ ਵਿਗਿਆਨ, ਮਨੁੱਖਤਾ ਅਤੇ ਦਰਸ਼ਨ ਦੀਆਂ ਪੁਸਤਕਾਂ ਮਿਲਣਗੀਆਂ। ਹਾਲ 2 ਵਿੱਚ ਭਾਰਤੀ ਭਾਸ਼ਾਵਾਂ ਦੇ ਲੇਖਕ ਵੱਖ-ਵੱਖ ਸਾਹਿਤਕ ਵਿਸ਼ਿਆਂ, ਪੁਸਤਕਾਂ ਅਤੇ ਵਿਧਾਵਾਂ ‘ਤੇ ਗੱਲਬਾਤ ਕਰਨਗੇ। ਇਸ ਦੇ ਲਈ ਇੱਕ ਲੇਖਕ ਮੰਚ ਬਣਾਇਆ ਗਿਆ ਹੈ। ਹਾਲ ਨੰਬਰ ਤਿੰਨ ਬੱਚਿਆਂ ਲਈ ਹੈ, ਜਿਸ ਵਿੱਚ ਬੱਚਿਆਂ ਨਾਲ ਸਬੰਧਤ ਹਰ ਵਿਸ਼ੇ ਦੀਆਂ ਕਿਤਾਬਾਂ, ਸਟੇਸ਼ਨਰੀ, ਆਰਟਸ ਅਤੇ ਕਰਾਫਟ ਆਦਿ ਸਮੱਗਰੀ ਉਪਲੱਬਧ ਹੋਵੇਗੀ। ਪਾਠਕਾਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਸਾਊਦੀ ਅਰਬ ਦੇ ਅਮੀਰ ਸਾਹਿਤ ਦੇ ਨਾਲ-ਨਾਲ 16 ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਦਾ ਆਨੰਦ ਲੈਣ ਦਾ ਮੌਕਾ ਵੀ ਮਿਲੇਗਾ। ਇਸ ਮੇਲੇ ਵਿੱਚ ਬਰਤਾਨੀਆ, ਇਟਲੀ, ਆਸਟ੍ਰੀਆ, ਫਰਾਂਸ, ਸਪੇਨ, ਤੁਰਕੀ, ਰੂਸ, ਤਾਇਵਾਨ, ਈਰਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਨੇਪਾਲ ਵੀ ਹਿੱਸਾ ਲੈਣਗੇ। ਮੇਲੇ ਲਈ ਟਿਕਟਾਂ ਦਿੱਲੀ ਐੱਨਸੀਆਰ ਖੇਤਰ ਦੇ ਵੱਖ-ਵੱਖ ਮੈਟਰੋ ਸਟੇਸ਼ਨਾਂ ਅਤੇ ਐੱਨਬੀਟੀ ਦੀ ਵੈੱਬਸਾਈਟ ਤੋਂ ਖਰੀਦੀਆਂ ਜਾ ਸਕਦੀਆਂ ਹਨ। ਬੱਚਿਆਂ ਅਤੇ ਵੱਡਿਆਂ ਲਈ ਟਿਕਟਾਂ ਦੀ ਕੀਮਤ ਕ੍ਰਮਵਾਰ 10 ਰੁਪਏ ਅਤੇ 20 ਰੁਪਏ ਹੋਵੇਗੀ। ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਲਈ ਦਾਖਲਾ ਮੁਫਤ ਹੋਵੇਗਾ। ਮੇਲੇ ਦੀ ਸਮਾਪਤੀ 18 ਫਰਵਰੀ ਨੂੰ ਹੋਵੇਗੀ।
ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਦੀ ਰਿਲੀਜ਼ ਅਨੁਸਾਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਪ੍ਰਕਾਸ਼ਨ ਵਿਭਾਗ ਪੁਸਤਕਾਂ ਦੇ ਇਸ ਮਹਾਕੁੰਭ ਵਿੱਚ ਆਪਣੀਆਂ ਕਿਤਾਬਾਂ ਅਤੇ ਰਸਾਲਿਆਂ ਦਾ ਵਿਸ਼ਾਲ ਸੰਗ੍ਰਹਿ ਪੇਸ਼ ਕਰੇਗਾ। ਨਾਲ ਹੀ ਵਿਭਾਗ ਦੀਆਂ ਕਿਤਾਬਾਂ ਇੰਡੀਆ 2024 ਅਤੇ ਕੈਰੀਅਰ ਕਾਲਿੰਗ ਵੀ ਰਿਲੀਜ਼ ਕੀਤੀਆਂ ਜਾਣਗੀਆਂ। ਕੈਰੀਅਰ ਕਾਲਿੰਗ ਨੌਕਰੀ ਲੱਭਣ ਵਾਲਿਆਂ ਲਈ ਨਵੀਨਤਮ ਅਤੇ ਆਉਣ ਵਾਲੇ ਰੁਜ਼ਗਾਰ ਮੌਕਿਆਂ ਬਾਰੇ ਲੇਖਾਂ ਦਾ ਇੱਕ ਪ੍ਰਭਾਵਸ਼ਾਲੀ ਸੰਗ੍ਰਹਿ ਹੈ।
ਪੀ.ਆਈ.ਬੀ.) ਦੇ ਅਨੁਸਾਰ, ਪਬਲੀਕੇਸ਼ਨ ਡਿਵੀਜ਼ਨ ਬਹੁ-ਭਾਸ਼ਾਈ ਭਾਰਤ ਦੇ ਦਿਲਚਸਪ ਥੀਮ ਦੇ ਅਨੁਸਾਰ ਅੰਗਰੇਜ਼ੀ, ਹਿੰਦੀ, ਉਰਦੂ, ਸੰਸਕ੍ਰਿਤ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਕਿਤਾਬਾਂ ਦੀ ਵਿਭਿੰਨ ਸ਼੍ਰੇਣੀ ਲਿਆਏਗਾ। ਪ੍ਰਦਰਸ਼ਿਤ ਕਿਤਾਬਾਂ ਵਿੱਚ ਕਲਾ ਅਤੇ ਸੱਭਿਆਚਾਰ, ਇਤਿਹਾਸ, ਸਿਨੇਮਾ, ਸ਼ਖਸੀਅਤ ਅਤੇ ਜੀਵਨੀ, ਜ਼ਮੀਨ ਅਤੇ ਲੋਕ, ਗਾਂਧੀਵਾਦੀ ਸਾਹਿਤ ਅਤੇ ਬਾਲ ਸਾਹਿਤ ਆਦਿ ਵਿਸ਼ਿਆਂ ‘ਤੇ ਕਿਤਾਬਾਂ ਸ਼ਾਮਲ ਹੋਣਗੀਆਂ। ਵਿਭਾਗ ਦੀਆਂ ਪੁਸਤਕਾਂ ਦੀ ਪ੍ਰੀਮੀਅਮ ਲੜੀ ਵਿੱਚ ‘ਰਾਸ਼ਟਰਪਤੀ ਭਵਨ ਸੀਰੀਜ਼’, ‘ਸਿਲੈਕਟਿਡ ਸਪੀਚਸ ਆਫ਼ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਐਂਡ ਪ੍ਰਾਈਮ ਮਨਿਸਟਰ ਅਤੇ ‘ਕਲੈਕਟਡ ਵਰਕਸ ਆਫ਼ ਮਹਾਮਨਾ ਮਦਨ ਮੋਹਨ ਮਾਲਵੀਆ ਸ਼ਾਮਲ ਹਨ।
