ਮੁੰਬਈ, ਮਾਰਚ । ਨਾਮੀ ਗੈਂਗਸਟਰ ਪ੍ਰਸਾਦ ਵਿੱਠਲ ਪੁਜਾਰੀ ਨੂੰ ਮੁੰਬਈ ਪੁਲਿਸ ਨੇ ਚੀਨ ਤੋਂ ਵਾਪਸ ਮੁੰਬਈ ਲਿਆਂਦਾ ਹੈ। ਕਈ ਸਾਲਾਂ ਤੋਂ ਭਗੌੜੇ ਚੱਲ ਰਹੇ ਪੁਜਾਰੀ ਦੇ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ।
ਪੁਲਿਸ ਮੁਤਾਬਕ ਪ੍ਰਸਾਦ ਪੁਜਾਰੀ 2008 ਤੋਂ ਅਸਥਾਈ ਰਿਹਾਇਸ਼ੀ ਵੀਜ਼ੇ ‘ਤੇ ਚੀਨ ‘ਚ ਰਹਿ ਰਿਹਾ ਸੀ। ਭਾਰਤੀ ਏਜੰਸੀਆਂ ਦੀ ਪਕੜ ਤੋਂ ਬਚਣ ਲਈ ਪੁਜਾਰੀ ਨੇ ਚੀਨੀ ਔਰਤ ਨਾਲ ਵਿਆਹ ਵੀ ਕਰ ਲਿਆ ਸੀ। ਚੀਨ ਉਸਨੂੰ ਮੁੰਬਈ ਪੁਲਿਸ ਦੇ ਹਵਾਲੇ ਕਰਨ ਲਈ ਤਿਆਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀ ਇਕ ਟੀਮ ਸ਼ਨੀਵਾਰ ਸਵੇਰੇ 44 ਸਾਲਾ ਪੁਜਾਰੀ ਨੂੰ ਫਲਾਈਟ ਰਾਹੀਂ ਮੁੰਬਈ ਲੈ ਕੇ ਪਹੁੰਚੀ ਅਤੇ ਉਸਨੂੰ ਲਾਕ-ਅੱਪ ’ਚ ਲਿਜਾਇਆ ਗਿਆ।
ਕੁਮਾਰ ਪਿੱਲੈ ਗੈਂਗ ਦਾ ਮੈਂਬਰ ਪੁਜਾਰੀ ਕਈ ਗੰਭੀਰ ਅਪਰਾਧਾਂ ਦੇ ਮਾਮਲਿਆਂ ‘ਚ ਭਗੌੜਾ ਸੀ। ਉਸਦਾ ਨਾਮ ਸ਼ਿਵ ਸੈਨਾ ਦੇ ਇੱਕ ਕਾਰਜਕਾਰੀ ਦੀ ਹੱਤਿਆ ਦੀ ਅਸਫ਼ਲ ਕੋਸ਼ਿਸ਼, ਅਗਵਾ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਮੁੰਬਈ ਅਤੇ ਹੋਰ ਥਾਵਾਂ ‘ਤੇ ਪ੍ਰਮੁੱਖ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਕਰਨ ਵਿੱਚ ਆਇਆ ਸੀ। ਪ੍ਰਸਾਦ ਪੁਜਾਰੀ ਉੱਤਰ-ਪੂਰਬੀ ਮੁੰਬਈ ਦੇ ਵਿਕ੍ਰੋਲੀ ਦਾ ਰਹਿਣ ਵਾਲਾ ਹੈ।
ਸਾਲ 2020 ਵਿੱਚ, ਪੁਜਾਰੀ ਨੇ ਆਪਣੀ ਮਾਂ ਇੰਦਰਾ ਵਿੱਠਲ ਪੁਜਾਰੀ ਅਤੇ ਦੋ ਹੋਰਾਂ ਨਾਲ ਮਿਲ ਕੇ 10 ਲੱਖ ਰੁਪਏ ਦੀ ਫਿਰੌਤੀ ਲਈ ਇੱਕ ਬਿਲਡਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਸੀ। ਮੁੰਬਈ ਪੁਲਿਸ ਨੇ ਇੰਦਰਾ ਪੁਜਾਰੀ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਉਸਦਾ ਬੇਟਾ ਪਹੁੰਚ ਤੋਂ ਬਾਹਰ ਸੀ। ਪੁਲਿਸ ਪੁੱਛਗਿੱਛ ਦੌਰਾਨ ਇੰਦਰਾ ਪੁਜਾਰੀ ਨੇ ਦੱਸਿਆ ਸੀ ਕਿ ਪ੍ਰਸਾਦ ਪੁਜਾਰੀ ਨੇ ਭਾਰਤੀ ਏਜੰਸੀਆਂ ਦੀ ਪਕੜ ਤੋਂ ਬਚਣ ਲਈ ਚੀਨੀ ਔਰਤ ਨਾਲ ਵਿਆਹ ਵੀ ਕਰ ਲਿਆ।
