ਚੇਨਈ ਤਾਮਿਲਨਾਡੂ ਭਾਜਪਾ ਦੇ ਮੁਖੀ ਕੇ. ਅੰਨਾਮਲਾਈ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਅਪ੍ਰੈਲ ਨੂੰ ਦੋ ਦਿਨਾਂ ਦੌਰੇ ‘ਤੇ ਤਾਮਿਲਨਾਡੂ ਪਹੁੰਚ ਰਹੇ ਹਨ। ਸੋਮਵਾਰ ਨੂੰ ਕੋਇੰਬਟੂਰ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਚੇਨਈ ‘ਚ ਰੋਡ ਸ਼ੋਅ ਕਰਨਗੇ ਅਤੇ ਅਗਲੇ ਦਿਨ ਦੋ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ।
ਅੰਨਾਮਾਲਾਈ ਮੁਤਾਬਕ ਚੇਨਈ ’ਚ ਸ਼ਾਮ 6 ਵਜੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਹੋਵੇਗਾ, ਜਿਸ ਵਿੱਚ ਦੱਖਣੀ ਚੇਨਈ ਅਤੇ ਮੱਧ ਚੇਨਈ ਦੋਵੇਂ ਭਾਗ ਸ਼ਾਮਲ ਹੋਣਗੇ। ਤਮਿਲਸਾਈ ਸੁੰਦਰਰਾਜਨ ਦੱਖਣੀ ਚੇਨਈ ਤੋਂ ਭਾਜਪਾ ਦੀ ਉਮੀਦਵਾਰ ਹਨ, ਜਦੋਂ ਕਿ ਵਿਨੋਜ ਪੀ ਸੇਲਵਮ ਮੱਧ ਚੇਨਈ ਤੋਂ ਡੀਐਮਕੇ ਦੇ ਦਿੱਗਜ ਦਯਾਨਿਧੀ ਮਾਰਨ ਵਿਰੁੱਧ ਚੋਣ ਲੜ ਰਹੇ ਹਨ।
ਬੁੱਧਵਾਰ ਨੂੰ ਮੋਦੀ ਸਭ ਤੋਂ ਪਹਿਲਾਂ ਵੇਲੋਰ ‘ਚ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ, ਜਿਸ ’ਚ ਸਹਿਯੋਗੀ ਪੀਐਮਕੇ ਦੇ ਧਰਮਪੁਰੀ ਉਮੀਦਵਾਰ ਸੌਮਿਆ ਅੰਬੂਮਨੀ, ਜੋ ਕਿ ਗੱਠਜੋੜ ਪਾਰਟੀ ਦੇ ਹਿੱਸੇ ਵਜੋਂ ਵੇਲੋਰ ਤੋਂ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੇ ਹਨ, ਉਨ੍ਹਾਂ ਦੇ ਸਮਰਥਨ ’ਚ ਵੋਟ ਮੰਗਣਗੇ। ਫਿਰ ਪ੍ਰਧਾਨ ਮੰਤਰੀ ਮੇਟੂਪਲਯਾਮ ਪਹੁੰਚਣਗੇ, ਜਿੱਥੇ ਉਹ ਨੀਲਗਿਰੀ (ਐਲ ਮੁਰੂਗਨ), ਕੋਇੰਬਟੂਰ (ਅੰਨਾਮਲਾਈ) ਅਤੇ ਪੋਲਾਚੀ (ਕੇ. ਵਸੰਤਰਾਜਨ) ਤੋਂ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।
ਅੰਨਾਮਾਲਾਈ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਦੱਖਣੀ ਰਾਜ ਦਾ ਇੱਕ ਹੋਰ ਦੌਰਾ 12 ਅਪ੍ਰੈਲ ਕਰਨ ਤੋਂ ਬਾਅਦ ਅਗਲੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਤਾਮਿਲਨਾਡੂ ਦੀਆਂ 39 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਦੇਸ਼ ਭਰ ਵਿੱਚ ਸੱਤ ਪੜਾਵਾਂ ਦੀ ਵੋਟਿੰਗ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
