ਇੰਫਾਲ, 08 ਸਤੰਬਰ। ਇੰਫਾਲ ਪੱਛਮੀ ਜ਼ਿਲੇ ਦੇ ਸਿੰਗਜਾਮੇਈ ‘ਚ ਅਣਪਛਾਤੇ ਬਾਈਕ ਸਵਾਰਾਂ ਨੇ ਸ਼ਨੀਵਾਰ ਰਾਤ ਨੂੰ ਮਣੀਪੁਰ ਦੇ ਮੰਤਰੀ ਵਾਈ ਖੇਮਚੰਦ ਦੀ ਰਿਹਾਇਸ਼ ‘ਤੇ ਯੁਮਨਮ ਲੀਕਾਈ ਦੇ ਗੇਟ ਨੇੜੇ ਹੈਂਡ ਗ੍ਰਨੇਡ ਸੁੱਟਿਆ। ਇਸ ਹੈਂਡ ਗ੍ਰੇਨੇਡ ਦੇ ਧਮਾਕੇ ਕਾਰਨ ਸੁਰੱਖਿਆ ਲਈ ਤਾਇਨਾਤ ਸੀਆਰਪੀਐਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ।
ਪੁਲਿਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਦੋ-ਪਹੀਆ ਵਾਹਨ ‘ਤੇ ਸਵਾਰ ਦੋ ਅਣਪਛਾਤੇ ਲੋਕਾਂ ਨੇ ਮੰਤਰੀ ਦੀ ਰਿਹਾਇਸ਼ ਦੇ ਗੇਟ ਵੱਲ ਗ੍ਰੇਨੇਡ ਸੁੱਟਿਆ ਅਤੇ ਭੱਜ ਗਏ। ਇਹ ਬੰਬ ਹਾਊਸਿੰਗ ਕੰਪਲੈਕਸ ਦੇ ਅੰਦਰ ਫਟਿਆ। ਇਸ ਧਮਾਕੇ ‘ਚ ਮੰਤਰੀ ਦੀ ਰਿਹਾਇਸ਼ ‘ਤੇ ਸੁਰੱਖਿਆ ਲਈ ਤਾਇਨਾਤ ਐੱਸਆਈ ਦਾਸ ਨਾਮ ਦਾ ਸੀਆਰਪੀਐੱਫ ਦਾ ਜਵਾਨ ਜ਼ਖ਼ਮੀ ਹੋ ਗਿਆ, ਬੰਬ ਧਮਾਕਾ ਉਸ ਦੇ ਸੱਜੇ ਹੱਥ ‘ਤੇ ਹੋਇਆ। ਮੰਤਰੀ ਖੇਮਚੰਦ ਨੇ ਐਤਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਹੈ। ਘਟਨਾ ਦੇ ਸਮੇਂ ਮੰਤਰੀ ਆਪਣੀ ਰਿਹਾਇਸ਼ ‘ਤੇ ਹੀ ਸਨ।
ਘਟਨਾ ਦੀ ਸੂਚਨਾ ਮਿਲਣ ‘ਤੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਰਾਤ ਨੂੰ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਬੰਬ ਧਮਾਕੇ ਦੀ ਸਖ਼ਤ ਨਿਖੇਧੀ ਕਰਦਿਆਂ ਭਰੋਸਾ ਦਿੱਤਾ ਕਿ ਇਸ ਕਾਰੇ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।
