ਕੋਲਕਾਤਾ, 13 ਅਕਤੂਬਰ। 1971 ਦੀ ਜੰਗ ਵਿੱਚ ਭਾਰਤ ਸਾਹਮਣੇ ਸਮਰਪਣ ਕਰਨ ਵਾਲੀ ਪਾਕਿਸਤਾਨੀ ਫੌਜ ਤੋਂ ਜ਼ਬਤ ਕੀਤੇ ਹਥਿਆਰਾਂ ’ਚੋਂ ਕੁੱਝ ਰਾਈਫਲਾਂ ਕੋਲਕਾਤਾ ਲਿਆਂਦੀਆਂ ਜਾ ਰਹੀਆਂ ਹਨ। ਇਹ ਹਥਿਆਰ ਇਸ ਹਫਤੇ ਮੱਧ ਪ੍ਰਦੇਸ਼ ਦੇ ਟੇਕਨਪੁਰ ਤੋਂ ਕੋਲਕਾਤਾ ਪਹੁੰਚਣਗੇ। ਫਿਲਹਾਲ ਉਨ੍ਹਾਂ ਨੂੰ ਕੋਲਕਾਤਾ ਵਿੱਚ ਨਵ ਮਹਾਕਰਨ ਦੀ ਇੱਕ ਮੰਜ਼ਿਲ ‘ਤੇ ਕਮਰੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰਾਜ ਸਰਕਾਰ ਦੁਆਰਾ ਬਣਾਏ ਗਏ ਨਵੇਂ ਅਜਾਇਬ ਘਰ ਵਿੱਚ ਲਿਜਾਇਆ ਜਾਵੇਗਾ।
ਪੱਛਮੀ ਬੰਗਾਲ ਦੇ ਪ੍ਰਸ਼ਾਸਕ ਜਨਰਲ ਅਤੇ ਅਧਿਕਾਰਤ ਟਰੱਸਟੀ ਬਿਪਲਬ ਰਾਏ ਨੇ ਇਨ੍ਹਾਂ ਇਤਿਹਾਸਕ ਹਥਿਆਰਾਂ ਨੂੰ ਕੋਲਕਾਤਾ ਲਿਆਉਣ ਲਈ ਪਹਿਲ ਕੀਤੀ। 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਪਾਕਿਸਤਾਨ ਦੀ ਹਾਰ ਹੋਈ ਸੀ। ਉਸ ਸਮੇਂ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਤੋਂ ਵੱਡੀ ਗਿਣਤੀ ਵਿੱਚ ਹਥਿਆਰ ਜ਼ਬਤ ਕੀਤੇ ਸਨ। ਉਹ ਸਾਰੇ ਹਥਿਆਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੱਖੇ ਹੋਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਕਬਜ਼ੇ ਵਿਚਲੇ ਸਾਰੇ ਹਥਿਆਰ ਹੁਣ ਤੱਕ ਕਦੇ ਵੀ ਬੰਗਾਲ ਵਿਚ ਨਹੀਂ ਆਏ ਸਨ। ਇਨ੍ਹਾਂ ਨੂੰ ਲੰਬੇ ਯਤਨਾਂ ਤੋਂ ਬਾਅਦ ਲਿਆਂਦਾ ਜਾ ਰਿਹਾ ਹੈ।
ਇੱਕ ਸਾਲ ਪਹਿਲਾਂ ਸਾਬਕਾ ਜੱਜ ਅਤੇ ਰਾਜ ਸਰਕਾਰ ਦੇ ਟਰੱਸਟੀ ਬਿਪਲਬ ਰਾਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਹਥਿਆਰ ਲਿਆਉਣ ਦੀ ਅਪੀਲ ਕੀਤੀ ਸੀ। ਕੇਂਦਰ ਨੇ 11 ਸਤੰਬਰ ਨੂੰ ਮਨਜ਼ੂਰੀ ਦਿੱਤੀ ਸੀ। ਬਿਪਲਬ ਪਿਛਲੇ ਮੰਗਲਵਾਰ ਟੇਕਨਪੁਰ ਗਏ ਸੀ ਅਤੇ ਅਧਿਕਾਰਤ ਤੌਰ ‘ਤੇ ਹਥਿਆਰਾਂ ਦੇ ਤਬਾਦਲੇ ਦੀ ਪ੍ਰਕਿਰਿਆ ਪੂਰੀ ਕੀਤੀ। ਇਨ੍ਹਾਂ ਨੂੰ ਹੁਣ ਕੋਲਕਾਤਾ ਲਿਆਂਦਾ ਜਾ ਰਿਹਾ ਹੈ।
ਬਿਪਲਬ ਨੇ ਦੱਸਿਆ ਕਿ ਕੁੱਲ ਛੇ ਹਥਿਆਰ ਕੋਲਕਾਤਾ ਪਹੁੰਚਣਗੇ। ਇਨ੍ਹਾਂ ਵਿੱਚ ਪਾਕਿਸਤਾਨੀ ਫੌਜ ਵੱਲੋਂ ਵਰਤੀਆਂ ਰੇਮਿੰਗਟਨ ਰਾਈਫਲਾਂ, ਰਾਈਫਲ ਮਸਕੇਟ, ਲਾਂਚਰ ਰਾਈਫਲਾਂ ਸ਼ਾਮਲ ਹਨ। ਬਿਪਲਬ ਨੇ ਕਿਹਾ, ‘ਸਾਡੇ ਵਿਭਾਗ ਦੀ ਪਹਿਲਕਦਮੀ ਤਹਿਤ ਕਈ ਪੁਰਾਤਨ ਅਤੇ ਮਹੱਤਵਪੂਰਨ ਸਮੱਗਰੀਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਸ ਵਿੱਚ ਪੁਰਾਤੱਤਵ ਕਲਾਵਾਂ ਦੇ ਨਾਲ-ਨਾਲ ਵੱਖ-ਵੱਖ ਸਮੇਂ ਦੇ ਜੰਗੀ ਸਾਜ਼ੋ-ਸਾਮਾਨ ਸ਼ਾਮਲ ਹਨ। ਇਸ ਵਾਰ 1971 ਦੀ ਜੰਗ ਦੇ ਹਥਿਆਰ ਆ ਗਏ ਹਨ ਅਤੇ ਸਾਡਾ ਭੰਡਾਰ ਹੋਰ ਅਮੀਰ ਹੋ ਗਿਆ ਹੈ।
