ਦੇਹਰਾਦੂਨ, 26 ਅਕਤੂਬਰ। ਪਿਥੌਰਾਗੜ੍ਹ ‘ਚ ਧਾਰਚੂਲਾ-ਗੁੰਜੀ ਰੋਡ ‘ਤੇ ਤੰਪਾ ਮੰਦਰ ਨੇੜੇ 500 ਮੀਟਰ ਖਾਈ ‘ਚ ਡਿੱਗੀ ਜੀਪ ‘ਚ ਸਵਾਰ ਸਾਰੇ 6 ਯਾਤਰੀਆਂ ਦੀਆਂ ਲਾਸ਼ਾਂ ਵੀਰਵਾਰ ਸਵੇਰੇ ਬਰਾਮਦ ਕਰ ਲਈਆਂ ਗਈਆਂ। ਬੁੱਧਵਾਰ ਨੂੰ ਆਦਿ ਕੈਲਾਸ਼ ਜਾ ਰਹੇ ਯਾਤਰੀਆਂ ਨੂੰ ਲੈ ਕੇ ਵਾਪਸ ਆ ਰਹੀ ਇੱਕ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਜੀਪ ਵਿੱਚ ਚਾਰ ਲੋਕ ਕੈਲਾਸ਼ ਯਾਤਰਾ ਲਈ ਆਏ ਸਨ ਜਦਕਿ ਦੋ ਸਥਾਨਕ ਲੋਕ ਜੀਪ ਵਿੱਚ ਸਵਾਰ ਸਨ।
ਐੱਸਡੀਆਰਐੱਫ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਨੋਜ ਧੋਨੀ ਦੀ ਅਗਵਾਈ ਵਿੱਚ ਐੱਸਡੀਆਰਐੱਫ ਦੀ ਬਚਾਅ ਟੀਮ ਘਟਨਾ ਸਥਾਨ ਲਈ ਰਵਾਨਾ ਹੋਈ ਪਰ ਭਾਰੀ ਮੀਂਹ ਕਾਰਨ ਹਾਦਸੇ ਤੋਂ ਤੁਰੰਤ ਬਾਅਦ ਬਚਾਅ ਅਤੇ ਰਾਹਤ ਕਾਰਜ ਨੂੰ ਨੇਪਰੇ ਚਾੜ੍ਹਨਾ ਸੰਭਵ ਨਹੀਂ ਹੋ ਸਕਿਆ। ਗੱਡੀ (ਯੂਕੇ04-ਟੀਬੀ 2734) ਵਿੱਚ ਕੁੱਲ 06 ਲੋਕ ਸਵਾਰ ਸਨ, ਜੋ ਆਦਿ ਕੈਲਾਸ਼ ਯਾਤਰਾ ਲਈ ਆਏ ਸਨ। ਇਨ੍ਹਾਂ ਵਿੱਚੋਂ 02 ਸਥਾਨਕ ਨਿਵਾਸੀ ਸਨ।
ਅੱਜ ਸਵੇਰੇ ਐੱਸ.ਡੀ.ਆਰ.ਐੱਫ. ਦੀ ਟੀਮ ਨੇ ਸਥਾਨਕ ਪੁਲਿਸ ਅਤੇ ਹੋਰ ਬਚਾਅ ਯੂਨਿਟਾਂ ਦੀ ਮਦਦ ਨਾਲ ਇੱਕ ਸਾਂਝਾ ਬਚਾਅ ਅਭਿਆਨ ਚਲਾਇਆ। ਡੂੰਘੀ ਖਾਈ ‘ਚ ਉਤਰਨ ਤੋਂ ਬਾਅਦ ਬਚਾਅ ਕਰਮਚਾਰੀ ਹਾਦਸੇ ਦਾ ਸ਼ਿਕਾਰ ਹੋਈ ਜੀਪ ਤੱਕ ਪਹੁੰਚ ਗਏ। ਜਿੱਥੇ ਜੀਪ ਵਿੱਚ ਸਵਾਰ ਸਾਰੇ ਛੇ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਇਨ੍ਹਾਂ ‘ਚ ਬੰਗਲੌਰ ਨਿਵਾਸੀ ਸਤਿਆਬ੍ਰਦਾ ਪਾਰੌਦਾ (59), ਹੈਦਰਾਬਾਦ ਨਿਵਾਸੀ ਨੀਲਾ ਪੰਨੋਲ (58), ਮਨੀਸ਼ ਮਿਸ਼ਰਾ (48), ਦਿੱਲੀ ਨਿਵਾਸੀ ਪ੍ਰਗਿਆ (52), ਪਿਥੌਰਾਗੜ੍ਹ ਨਿਵਾਸੀ ਹਿਮਾਂਸ਼ੂ ਕੁਮਾਰ (24) ਅਤੇ ਵਰਿੰਦਰ ਕੁਮਾਰ (39) ਸ਼ਾਮਲ ਹਨ। ਰਾਹਤ ਕਰਮਚਾਰੀਆਂ ਨੇ ਲਾਸ਼ਾਂ ਨੂੰ ਕੱਢ ਕੇ ਬਾਹਰ ਲਿਆਂਦਾ ਹੈ।
