ਨਵੀਂ ਦਿੱਲੀ, 08 ਅਕਤੂਬਰ। ਇਜ਼ਰਾਈਲ ‘ਚ ਹਮਾਸ ਦੇ ਹਮਲੇ ਦੌਰਾਨ ਉੱਥੇ ਮੌਜੂਦ ਭਾਰਤੀ ਅਦਾਕਾਰਾ ਨੁਸਰਤ ਭਰੂਚਾ ਦਾ ਉਨ੍ਹਾਂ ਦੀ ਟੀਮ ਨਾਲ ਸੰਪਰਕ ਟੁੱਟ ਗਿਆ ਹੈ। 38 ਸਾਲਾ ਅਦਾਕਾਰਾ ਨੁਸਰਤ ਭਰੂਚਾ ਦੀ ਟੀਮ ਨੇ ਮੁੰਬਈ ਵਿੱਚ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਕੇ ਚਿੰਤਾ ਪ੍ਰਗਟਾਈ ਹੈ।
ਬਿਆਨ ‘ਚ ਕਿਹਾ ਗਿਆ ਹੈ, ‘ਬਦਕਿਸਮਤੀ ਨਾਲ ਨੁਸਰਤ ਇਜ਼ਰਾਈਲ ‘ਚ ਫਸ ਗਈ ਹੈ। ਉਹ ਉੱਥੇ ਹਾਈਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਹਿੱਸਾ ਲੈਣ ਗਈ ਸੀ। ਟੀਮ ਦੇ ਇੱਕ ਮੈਂਬਰ ਦੇ ਅਨੁਸਾਰ, ‘ਉਨ੍ਹਾਂ ਨਾਲ ਆਖਰੀ ਵਾਰ ਸ਼ਨੀਵਾਰ ਦੁਪਹਿਰ ਕਰੀਬ 12:30 ਵਜੇ ਸੰਪਰਕ ਕੀਤਾ ਗਿਆ ਸੀ। ਉਹ ਬੇਸਮੈਂਟ ਵਿੱਚ ਸੁਰੱਖਿਅਤ ਸਨ। ਇਸ ਤੋਂ ਬਾਅਦ ਅਸੀਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਾਂ। ਜੇਕਰ ਨੁਸਰਤ ਦਾ ਪਤਾ ਨਹੀਂ ਚੱਲਦਾ ਤਾਂ ਭਾਰਤੀ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਜਾਵੇਗੀ।
ਇਸ ਤੋਂ ਇਲਾਵਾ ਮੇਘਾਲਿਆ ਦੇ ਕੁਝ ਨਾਗਰਿਕ ਵੀ ਇਜ਼ਰਾਈਲ ਵਿੱਚ ਫਸੇ ਹੋਏ ਹਨ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੋਂਗਕਲ ਸੰਗਮਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਰਾਜ ਦੇ 27 ਨਾਗਰਿਕ ਇਜ਼ਰਾਈਲ ਵਿੱਚ ਫਸੇ ਹੋਏ ਹਨ। ਸੰਗਮਾ ਨੇ ਆਪਣੇ ਅਧਿਕਾਰੀ ‘ਤੇ ਸੂਚਨਾ ਦਿੱਤੀ ਹੈ ਉਸ ਦੀ ਸੁਰੱਖਿਅਤ ਘਰ ਵਾਪਸੀ ਲਈ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ ਹੈ।
ਸੰਗਮਾ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਦੱਸਿਆ ਕਿ ਮੇਘਾਲਿਆ ਦੇ 27 ਨਾਗਰਿਕ, ਜੋ ਯੇਰੂਸ਼ਲਮ ਦੀ ਯਾਤਰਾ ‘ਤੇ ਸਨ, ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਤਣਾਅ ਕਾਰਨ ਬੈਥਲਹਮ ‘ਚ ਫਸ ਗਏ ਹਨ। ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ ਹੈ।
