ਨਵੀਂ ਦਿੱਲੀ, 25 ਅਕਤੂਬਰ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ’ਚ ਬ੍ਰਹਮਾ ਕੁਮਾਰੀ ਸੰਗਠਨ ਵਲੋਂ ਆਯੋਜਿਤ ਅੰਤਰ-ਧਾਰਮਿਕ ਬੈਠਕ ’ਚ ਕਿਹਾ ਕਿ ਪਿਆਰ ਅਤੇ ਦਇਆ ਤੋਂ ਬਿਨਾਂ ਮਨੁੱਖਤਾ ਜ਼ਿੰਦਾ ਨਹੀਂ ਰਹਿ ਸਕਦੀ।
ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ ਤਾਂ ਸਮਾਜ ਅਤੇ ਦੇਸ਼ ਦਾ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੁੰਦਾ ਹੈ। ਇਹ ਤਾਕਤ ਦੇਸ਼ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਇਸ ਨੂੰ ਤਰੱਕੀ ਦੇ ਰਾਹ ’ਤੇ ਲੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਵਜੋਂ ਸਥਾਪਤ ਕਰਨਾ ਹੈ, ਇਸ ਟੀਚੇ ਨੂੰ ਹਾਸਲ ਕਰਨ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੋਵੇਗਾ।
ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਧਰਮ ਸਾਡੇ ਜੀਵਨ ’ਚ ਅਹਿਮ ਸਥਾਨ ਰੱਖਦਾ ਹੈ। ਧਾਰਮਿਕ ਵਿਸ਼ਵਾਸ ਅਤੇ ਅਭਿਆਸ ਸਾਨੂੰ ਮੁਸ਼ਕਲਾਂ ਦੇ ਸਾਮ੍ਹਣੇ ਰਾਹਤ, ਉਮੀਦ ਅਤੇ ਤਾਕਤ ਪ੍ਰਦਾਨ ਕਰਦੇ ਹਨ। ਪ੍ਰਾਰਥਨਾ, ਸਿਮਰਨ ਅਤੇ ਰੀਤੀ ਰਿਵਾਜ ਮਨੁੱਖਾਂ ਨੂੰ ਅੰਦਰੂਨੀ ਸ਼ਾਂਤੀ ਅਤੇ ਭਾਵਨਾਤਮਕ ਸਥਿਰਤਾ ਦਾ ਅਨੁਭਵ ਕਰਨ ਵਿੱਚ ਮਦਦ ਕਰਦੇ ਹਨ ਪਰ ਇਹ ਸ਼ਾਂਤੀ, ਪਿਆਰ, ਸ਼ੁੱਧਤਾ ਅਤੇ ਸੱਚ ਵਰਗੇ ਬੁਨਿਆਦੀ ਅਧਿਆਤਮਿਕ ਮੁੱਲ ਹਨ ਜੋ ਸਾਡੇ ਜੀਵਨ ਨੂੰ ਸਾਰਥਕ ਬਣਾਉਂਦੇ ਹਨ। ਇਨ੍ਹਾਂ ਕਦਰਾਂ-ਕੀਮਤਾਂ ਤੋਂ ਸੱਖਣੇ ਧਾਰਮਿਕ ਅਭਿਆਸ ਸਾਨੂੰ ਕੋਈ ਲਾਭ ਨਹੀਂ ਦੇ ਸਕਦੇ। ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਪ੍ਰਫੁੱਲਿਤ ਕਰਨ ਲਈ ਸਹਿਣਸ਼ੀਲਤਾ, ਇੱਕ ਦੂਜੇ ਦਾ ਸਤਿਕਾਰ ਅਤੇ ਸਦਭਾਵਨਾ ਦੇ ਮਹੱਤਵ ਨੂੰ ਸਮਝਣਾ ਜ਼ਰੂਰੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਹਰ ਮਨੁੱਖੀ ਆਤਮਾ ਪਿਆਰ ਅਤੇ ਸਤਿਕਾਰ ਦੀ ਹੱਕਦਾਰ ਹੈ। ਆਪਣੇ ਆਪ ਨੂੰ ਪਛਾਣਨਾ, ਆਪਣੇ ਮੂਲ ਅਧਿਆਤਮਿਕ ਗੁਣਾਂ ਅਨੁਸਾਰ ਜੀਵਨ ਬਤੀਤ ਕਰਨਾ ਅਤੇ ਪ੍ਰਮਾਤਮਾ ਨਾਲ ਅਧਿਆਤਮਿਕ ਸਬੰਧ ਬਣਾਉਣਾ ਭਾਈਚਾਰਕ ਸਾਂਝ ਅਤੇ ਭਾਵਨਾਤਮਕ ਏਕੀਕਰਨ ਦਾ ਕੁਦਰਤੀ ਸਾਧਨ ਹੈ।
