ਮੁੰਬਈ, 23 ਫਰਵਰੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਲੋਕ ਸਭਾ ਸਪੀਕਰ ਮਨੋਹਰ ਜੋਸ਼ੀ ਦਾ ਅੱਜ (ਸ਼ੁੱਕਰਵਾਰ) ਤੜਕੇ ਇੱਥੇ ਪੀਡੀ ਹਿੰਦੂਜਾ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 86 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਇੱਥੇ ਦਾਖਲ ਕਰਵਾਇਆ ਗਿਆ ਸੀ।
ਪੀਡੀ ਹਿੰਦੂਜਾ ਹਸਪਤਾਲ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਜੋਸ਼ੀ ਗੰਭੀਰ ਰੂਪ ਵਿੱਚ ਬਿਮਾਰ ਹਨ। ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਸ਼ਿਵ ਸੈਨਾ ਦੇ ਦਿੱਗਜ਼ ਨੇਤਾ ਜੋਸ਼ੀ ਨੂੰ ਪਿਛਲੇ ਸਾਲ ਮਈ ’ਚ ਵੀ ਬ੍ਰੇਨ ਹੈਮਰੇਜ ਤੋਂ ਬਾਅਦ ਇਸੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਜੋਸ਼ੀ 1995 ਤੋਂ 1999 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ। ਉਹ ਅਣਵੰਡੀ ਸ਼ਿਵ ਸੈਨਾ ਦੇ ਸੂਬੇ ਵਿੱਚ ਉੱਚ ਅਹੁਦਾ ਸੰਭਾਲਣ ਵਾਲੇ ਪਹਿਲੇ ਆਗੂ ਬਣੇ। ਉਹ ਸੰਸਦ ਮੈਂਬਰ ਵਜੋਂ ਵੀ ਚੁਣੇ ਗਏ ਅਤੇ 2002 ਤੋਂ 2004 ਤੱਕ ਲੋਕ ਸਭਾ ਦੇ ਸਪੀਕਰ ਰਹੇ।
