ਨਵੀਂ ਦਿੱਲੀ, । ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਵਿਨੋਦ ਤਾਵੜੇ ਮੌਜੂਦ ਸਨ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਰਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੰਮ ਕੀਤਾ ਹੈ। ਖਾਸ ਤੌਰ ‘ਤੇ ਅਮਰੀਕਾ ਅਤੇ ਸ਼੍ਰੀਲੰਕਾ ਨਾਲ ਕੂਟਨੀਤਕ ਸਬੰਧਾਂ ਦੇ ਮਾਮਲੇ ‘ਚ ਨੇੜਿਓਂ ਕੰਮ ਕੀਤਾ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਕਾਸ ‘ਤੇ ਕੇਂਦਰਿਤ ਹੈ। ਇਹ ਵਿਕਾਸ ਅੰਮ੍ਰਿਤਸਰ ਤੱਕ ਪਹੁੰਚਣਾ ਚਾਹੀਦਾ। ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਦੇ ਨਵੇਂ ਰਾਹ ‘ਤੇ ਚੱਲਣ ਲਈ ਉਤਸ਼ਾਹਿਤ ਕੀਤਾ ਹੈ।
ਤਰਨਜੀਤ ਸਿੰਘ ਨੇ ਮੀਡੀਆਂ ਨੂੰ ਕਿਹਾ ਕਿ ਜੇਕਰ ਪਾਰਟੀ ਵੱਲੋਂ ਹੁਕਮ ਹੁੰਦਾ ਹੈ ਤਾਂ ਉਹ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਵਿਦੇਸ਼ ਨੀਤੀ ਵਿਕਾਸ ਨਾਲ ਜੁੜੀ ਹੋਈ ਹੈ। ਭਾਜਪਾ ਵਿੱਚ ਸ਼ਾਮਲ ਹੋ ਕੇ ਉਹ ਆਪਣੇ ਗ੍ਰਹਿ ਸ਼ਹਿਰ ਅੰਮ੍ਰਿਤਸਰ ਦਾ ਵਿਕਾਸ ਕਰਨਗੇ।
