ਨਗਰਕੁਰਨੂਲ/ਨਵੀਂ ਦਿੱਲੀ, 16 ਮਾਰਚ । ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਤੇਲੰਗਾਨਾ ਦੇ ਨਗਰਕਰਨੂਲ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਪਹਿਲਾਂ ਹੀ ਲੋਕਾਂ ਨੇ ਐੱਨ.ਡੀ.ਏ. ਦੇ 400 ਸੀਟਾਂ ਪਾਰ ਕਰਨ ’ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਦੇਖ ਰਿਹਾ ਹਾਂ ਕਿ ਤੇਲੰਗਾਨਾ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਮੋਦੀ ਨੂੰ ਤੀਜੀ ਵਾਰ ਵਾਪਸ ਲਿਆਉਣਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਿੱਚ 2024 ਦੀਆਂ ਚੋਣਾਂ ਦਾ ਬਿਗੁਲ ਵੱਜਣ ਵਾਲਾ ਹੈ। ਪਰ ਤਰੀਕਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਦੇਸ਼ ਦੀ ਜਨਤਾ ਨੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਦੇਸ਼ ਨੇ ਐਲਾਨ ਕਰ ਦਿੱਤਾ ਹੈ ਕਿ ਇਸ ਵਾਰ 400 ਨੂੰ ਪਾਰ। ਉਨ੍ਹਾਂ ਕਿਹਾ ਕਿ ਨਗਰਕਰਨੂਲ ਵਿੱਚ ਭੀੜ ਇਸ ਗੱਲ ਦਾ ਸਬੂਤ ਹੈ। 2023 ਵਿੱਚ, ਮੈਂ ਵਿਧਾਨ ਸਭਾ ਚੋਣਾਂ ਦੌਰਾਨ ਤੇਲੰਗਾਨਾ ਦਾ ਦੌਰਾ ਕੀਤਾ ਸੀ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਲੋਕ ਸੱਚਮੁੱਚ ਬੀਆਰਐਸ ਤੋਂ ਗੁੱਸੇ ਸਨ। ਅਤੇ ਅੱਜ ਮੈਂ ਦੇਖ ਸਕਦਾ ਹਾਂ ਕਿ ਤੇਲੰਗਾਨਾ ਦੇ ਲੋਕਾਂ ਨੇ ਮੋਦੀ ਨੂੰ ਦੁਬਾਰਾ ਚੁਣਨ ਦਾ ਫੈਸਲਾ ਕੀਤਾ ਹੈ।
ਕਾਂਗਰਸ ਅਤੇ ਬੀਆਰਐਸ ‘ਤੇ ਚੁਟਕੀ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਿਲ ਕੇ ਤੇਲੰਗਾਨਾ ਦੇ ਵਿਕਾਸ ਦੇ ਹਰ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ ਹੈ। ਹੁਣ ਇੱਥੇ ਕਾਂਗਰਸ ਦੇ ਪੰਜੇ ਨੇ ਕਬਜ਼ਾ ਕਰ ਲਿਆ ਹੈ। ਪਹਿਲਾਂ ਬੀਆਰਐਸ ਦੀ ਲੁੱਟ ਅਤੇ ਹੁਣ ਕਾਂਗਰਸ ਦੀ ਬੁਰੀ ਨਜ਼ਰ। ਖੂਹ ‘ਚੋਂ ਨਿਕਲ ਕੇ ਖਾਈ ‘ਚ ਡਿੱਗਣ ਵਾਲੀ ਹਾਲਤ ਹੈ। ਪੂਰੇ ਸੂਬੇ ਨੂੰ ਤਬਾਹ ਕਰਨ ਲਈ ਕਾਂਗਰਸ ਲਈ ਪੰਜ ਸਾਲ ਕਾਫੀ ਹਨ। ਉਨ੍ਹਾਂ ਕਿਹਾ, ”ਬੀਆਰਐਸ ਵੀ ਕਾਂਗਰਸ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਵਾਲੀ ਪਾਰਟੀ ਹੀ ਹੈ। ਕੇਸੀਆਰ ਦਾ ਕਹਿਣਾ ਹੈ ਕਿ ਭਾਰਤ ਨੂੰ ਨਵੇਂ ਸੰਵਿਧਾਨ ਦੀ ਲੋੜ ਹੈ। ਕੀ ਇਹ ਬਾਬਾ ਸਾਹਿਬ ਡਾ. ਅੰਬੇਡਕਰ ਦਾ ਅਪਮਾਨ ਕਰਨ ਵਾਲੀ ਕਾਰਵਾਈ ਨਹੀਂ ? ਕੇਸੀਆਰ ਨੇ ਦਲਿਤ ਬੰਧੂ ਸਕੀਮ ਨਾਲ ਦਲਿਤਾਂ ਨਾਲ ਧੋਖਾ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਸਿਰਫ ਗਰੀਬੀ ਮਿਟਾਉਣ ਦਾ ਨਾਅਰਾ ਦਿੱਤਾ ਪਰ ਗਰੀਬਾਂ ਦੀ ਜ਼ਿੰਦਗੀ ‘ਚ ਕੋਈ ਬਦਲਾਅ ਨਹੀਂ ਆਇਆ। ਉਨ੍ਹਾਂ ਕਿਹਾ, ”ਕਾਂਗਰਸ ਨੇ ਦਹਾਕਿਆਂ ਤੋਂ ਦੇਸ਼ ‘ਚੋਂ ਗਰੀਬੀ ਖਤਮ ਕਰਨ ਦਾ ਨਾਅਰਾ ਦਿੱਤਾ ਪਰ ਕੀ ਗਰੀਬਾਂ ਦੀ ਜ਼ਿੰਦਗੀ ‘ਚ ਕੋਈ ਬਦਲਾਅ ਆਇਆ ਹੈ? ਕਾਂਗਰਸ ਨੇ ਐਸਸੀ, ਐਸਟੀ, ਓਬੀਸੀ ਨੂੰ ਵੋਟ ਬੈਂਕ ਵਜੋਂ ਵਰਤਿਆ। ਪਰ ਕੀ ਸਮਾਜ ਦੇ ਹਾਲਾਤ ਸੁਧਰੇ ਹਨ? ਤਬਦੀਲੀ ਉਦੋਂ ਆਈ ਜਦੋਂ ਦੇਸ਼ ਨੇ ਮੋਦੀ ਨੂੰ ਪੂਰਨ ਬਹੁਮਤ ਦਾ ਆਸ਼ੀਰਵਾਦ ਦਿੱਤਾ। ਕਿਉਂਕਿ ਤਬਦੀਲੀ ਦੀ ਇੱਕ ਹੀ ਗਾਰੰਟੀ ਹੈ। ਮੋਦੀ ਦੀ ਗਾਰੰਟੀ।
ਉਨ੍ਹਾਂ ਕਿਹਾ ਕਿ ਅਸੀਂ ਤੇਲੰਗਾਨਾ ਨੂੰ ਦੱਖਣ ਦਾ ਗੇਟਵੇ ਕਹਿੰਦੇ ਹਾਂ। ਪਿਛਲੇ 10 ਸਾਲਾਂ ਵਿੱਚ ਤੇਲੰਗਾਨਾ ਦਾ ਵਿਕਾਸ ਸਾਡੀ ਤਰਜੀਹ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਗਿਆ ਹੈ। ਇਹੀ ਬਦਲਾਅ ਤੇਲੰਗਾਨਾ ਵਿੱਚ ਵੀ ਲਿਆਉਣਾ ਹੋਵੇਗਾ। ਸਾਡੀਆਂ ਯੋਜਨਾਵਾਂ ਦਾ ਐਸਸੀ, ਐਸਟੀ, ਓਬੀਸੀ, ਔਰਤਾਂ ਅਤੇ ਕਿਸਾਨ ਸਭ ਤੋਂ ਵੱਧ ਲਾਭ ਉਠਾਉਂਦੇ ਹਨ।
