ਨਵੀਂ ਦਿੱਲੀ, 11 ਨਵੰਬਰ। ਦੱਖਣੀ ਅਭਿਨੇਤਰੀ ਰਸ਼ਮਿਕਾ ਮੰਦਾਨਾ ਦੇ ਡੀਪਫੇਕ ਏਆਈ ਦੁਆਰਾ ਤਿਆਰ ਕੀਤੇ ਗਏ ਵੀਡੀਓ ਨੂੰ ਲੈ ਕੇ ਹੰਗਾਮੇ ਤੋਂ ਬਾਅਦ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਐੱਫ. ਆਈ. ਆਰ. ਦਰਜ ਕੀਤੀ ਹੈ। ਦਿੱਲੀ ਪੁਲਿਸ ਦੇ ਅਨੁਸਾਰ ਵਿਸ਼ੇਸ਼ ਸੈੱਲ ਨੇ ਇਸ ਸਬੰਧ ਵਿੱਚ ਆਈਪੀਸੀ, 1860 ਦੀ ਧਾਰਾ 465 ਅਤੇ 469 ਅਤੇ ਆਈਟੀ ਐਕਟ, 2000 ਦੀ ਧਾਰਾ 66 ਸੀ ਅਤੇ 66 ਈ ਦੇ ਤਹਿਤ ਕੇਸ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਰਸ਼ਮਿਕਾ ਦੇ ਡੀਪਫੇਕ ਵੀਡੀਓ ਵਿੱਚ ਇੱਕ ਔਰਤ ਕਾਲੇ ਕੱਪੜਿਆਂ ਵਿੱਚ ਲਿਫਟ ਦੇ ਅੰਦਰ ਦਿਖਾਈ ਦੇ ਰਹੀ ਹੈ। ਰਸ਼ਮਿਕਾ ਮੰਦਾਨਾ ਵਰਗਾ ਦਿਖਣ ਲਈ ਉਸਦੇ ਚਿਹਰੇ ਨੂੰ ਏਆਈ ਦੀ ਮਦਦ ਨਾਲ ਐਡਿਟ ਕੀਤਾ ਗਿਆ ਹੈ। ਇਸ ‘ਚ ਚਿਹਰਾ ਮੰਦਾਨਾ ਦਾ ਸੀ ਜਦਕਿ ਪੂਰਾ ਸਰੀਰ ਕਿਸੇ ਹੋਰ ਔਰਤ ਦੀ ਸੀ। ਇਸ ਨੂੰ ਇਸ ਤਰ੍ਹਾਂ ਐਡਿਟ ਕੀਤਾ ਗਿਆ ਸੀ ਕਿ ਇਹ ਰਸ਼ਮਿਕਾ ਮੰਡਾਨਾ ਦਾ ਵੀਡੀਓ ਲੱਗੇ।
ਮੈਗਾਸਟਾਰ ਅਮਿਤਾਭ ਬੱਚਨ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਖ਼ੁਦ ਨੋਟਿਸ ਲੈਂਦਿਆਂ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਮਹਿਲਾ ਕਮਿਸ਼ਨ ਨੇ ਪੁਲਿਸ ਤੋਂ ਮਾਮਲੇ ਵਿੱਚ ਦਰਜ ਐੱਫ. ਆਈ. ਆਰ. ਦੀ ਕਾਪੀ, ਮੁਲਜ਼ਮਾਂ ਬਾਰੇ ਜਾਣਕਾਰੀ ਅਤੇ ਇਸ ਸਬੰਧੀ ਕੀਤੀ ਕਾਰਵਾਈ ਦੀ ਰਿਪੋਰਟ 17 ਨਵੰਬਰ ਤੱਕ ਮੰਗੀ ਹੈ।
ਡੀਪਫੇਕ ਕੀ ਹੈ: ਕਿਸੇ ਹੋਰ ਦੇ ਚਿਹਰੇ ਨੂੰ ਅਸਲੀ ਵੀਡੀਓ ਵਿੱਚ ਫਿੱਟ ਕਰਨ ਨੂੰ ਡੀਪਫੇਕ ਕਿਹਾ ਜਾਂਦਾ ਹੈ। ਇਸ ਦੇ ਲਈ ਟੈਕਨਾਲੋਜੀ ਕੋਡਰ ਅਤੇ ਡੀਕੋਡਰ ਤਕਨੀਕ ਦੀ ਮਦਦ ਲਈ ਜਾਂਦੀ ਹੈ। ਡੀਕੋਡਰ ਪਹਿਲਾਂ ਕਿਸੇ ਵਿਅਕਤੀ ਦੇ ਚਿਹਰੇ ਦੇ ਹਾਵ-ਭਾਵ ਅਤੇ ਬਣਤਰ ਦੀ ਜਾਂਚ ਕਰਦਾ ਹੈ। ਇਸ ਤੋਂ ਬਾਅਦ ਇਸ ਨੂੰ ਕਿਸੇ ਹੋਰ ਚਿਹਰੇ ‘ਤੇ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਇੱਕੋ ਜਿਹੇ ਫਰਜ਼ੀ ਵੀਡੀਓ ਅਤੇ ਫੋਟੋਆਂ ਬਣਾਈਆਂ ਜਾ ਸਕਦੀਆਂ ਹਨ।
