ਕੋਲਕਾਤਾ, 23 ਅਕਤੂਬਰ। ਬੰਗਾਲ ਦੀ ਖਾੜੀ ‘ਤੇ ਬਣਿਆ ਘੱਟ ਦਬਾਅ ਸੋਮਵਾਰ ਸ਼ਾਮ ਤੱਕ ਚੱਕਰਵਾਤ ‘ਚ ਤਬਦੀਲ ਹੋਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਸੋਮਵਾਰ ਨੂੰ ਜਾਰੀ ਬੁਲੇਟਿਨ ‘ਚ ਇਹ ਜਾਣਕਾਰੀ ਦਿੱਤੀ। ਇਸ ਚੱਕਰਵਾਤੀ ਤੂਫਾਨ ਨੂੰ ‘ਹਾਮੂਨ’ ਕਿਹਾ ਜਾਵੇਗਾ, ਜੋ ਈਰਾਨ ਵਲੋਂ ਦਿੱਤਾ ਗਿਆ ਹੈ।
ਬੁਲੇਟਿਨ ਦੇ ਅਨੁਸਾਰ, ਐਤਵਾਰ ਰਾਤ ਨੂੰ ਉੱਤਰ-ਪੂਰਬ ਵੱਲ ਵਧਣ ਤੋਂ ਬਾਅਦ ਡੂੰਘੇ ਦਬਾਅ ਵਾਲਾ ਇਹ ਖੇਤਰ ਪੱਛਮੀ ਮੱਧ ਬੰਗਾਲ ਦੀ ਖਾੜੀ ’ਚ ਓਡੀਸ਼ਾ ਦੇ ਪਾਰਾਦੀਪ ਤੋਂ ਲਗਭਗ 400 ਕਿਲੋਮੀਟਰ ਅਤੇ ਪੱਛਮੀ ਬੰਗਾਲ ਦੇ ਦੀਘਾ ਤੋਂ ਲਗਭਗ 550 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿੱਚ ਕੇਂਦਰਿਤ ਹੈ। ਬੁਲੇਟਿਨ ‘ਚ ਕਿਹਾ ਗਿਆ ਹੈ, ‘ਅਗਲੇ 12 ਘੰਟਿਆਂ ‘ਚ ਡੂੰਘੇ ਦਬਾਅ ਦੇ ਚੱਕਰਵਾਤੀ ਤੂਫਾਨ ‘ਚ ਬਦਲਣ ਦੀ ਸੰਭਾਵਨਾ ਹੈ। ਇਸ ਦੇ ਉੱਤਰ-ਉੱਤਰ-ਪੂਰਬ ਵੱਲ ਵਧਣ ਅਤੇ 25 ਅਕਤੂਬਰ ਦੀ ਸ਼ਾਮ ਦੇ ਆਸ-ਪਾਸ ਡੂੰਘੇ ਦਬਾਅ ਵਜੋਂ ਖੇਪੁਪਾਰਾ ਅਤੇ ਚਟਗਾਂਵ ਦੇ ਵਿਚਕਾਰ ਬੰਗਲਾਦੇਸ਼ ਦੇ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਇਸ ਦੌਰਾਨ ਪੱਛਮੀ ਸਰਕਾਰ ਨੇ ਤੱਟਵਰਤੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਦੁਰਗਾ ਪੂਜਾ ਦੋਰਾਨ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਭਾਰੀ ਮੀਂਹ ਦੀ ਸੂਰਤ ਵਿੱਚ ਪ੍ਰਸ਼ਾਸਨ ਨੂੰ ਨੀਵੇਂ ਇਲਾਕਿਆਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਵੀ ਕਿਹਾ ਗਿਆ ਹੈ। ਵਿਭਾਗ ਨੇ ਮਛੇਰਿਆਂ ਨੂੰ ਡੂੰਘੇ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਦੁਰਗਾ ਪੂਜਾ ਪ੍ਰਬੰਧਕਾਂ ਨੇ ਤਿਉਹਾਰ ਦੌਰਾਨ ਸੰਭਾਵਿਤ ਮੀਂਹ ਅਤੇ ਤੇਜ਼ ਹਵਾਵਾਂ ਨਾਲ ਨਜਿੱਠਣ ਲਈ ਤਿਆਰੀਆਂ ਕਰ ਲਈਆਂ ਹਨ।
