ਨਵੀਂ ਦਿੱਲੀ, ਸੰਸਦੀ ਦਲ ਦੀ ਬੈਠਕ ਤੋਂ ਬਾਅਦ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਆਪਣੇ ਪਿਤਾ ਦੀ ਕਰਮ ਭੂਮੀ ਬਿਹਾਰ ਦੇ ਹਾਜੀਪੁਰ ਤੋਂ ਚੋਣ ਲੜਨਗੇ। ਇਸ ਦੇ ਲਈ ਉਨ੍ਹਾਂ ਨੂੰ ਹਰ ਚੁਣੌਤੀ ਸਵੀਕਾਰ ਹੈ। ਚਿਰਾਗ ਪਾਸਵਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਚਾਚਾ ਪਸ਼ੂਪਤੀਨਾਥ ਪਾਸਵਾਨ ਵੀ ਉਨ੍ਹਾਂ ਦੇ ਖਿਲਾਫ ਆਉਂਦੇ ਹਨ ਤਾਂ ਉਹ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਨਗੇ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਿਰਾਗ ਪਾਸਵਾਨ ਨੇ ਕਿਹਾ ਕਿ ਮੈਂ ਯਕੀਨੀ ਤੋਰ ’ਤੇ ਹਾਜੀਪੁਰ ਤੋਂ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦਾ ਐਨਡੀਏ ਉਮੀਦਵਾਰ ਬਣਨਾ ਚਾਹੁੰਗਾ। ਇਹ ਸੀਟ ਮੇਰੇ ਪਿਤਾ ਦੀ ਕਰਮ ਭੂਮੀ ਹੈ। ਚਿਰਾਗ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਉਥੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਆਖਰਕਾਰ ਫੈਸਲਾ ਉਨ੍ਹਾਂ ਨੂੰ ਹੀ ਲੈਣਾ ਪਵੇਗਾ। ਮੈਂ ਕਦੇ ਵੀ ਕਿਸੇ ਚੁਣੌਤੀ ਤੋਂ ਨਹੀਂ ਡਰਿਆ।
ਚਿਰਾਗ ਪਾਸਵਾਨ ਨੇ ਕਿਹਾ ਕਿ ਹੁਣ ਅਸੀਂ ਬਿਹਾਰ ਵੱਲ ਵਧਾਂਗੇ। ਅਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਲੜਾਈ ਵੱਲ ਵਧ ਰਹੇ ਹਾਂ। ਸਾਨੂੰ ਭਰੋਸਾ ਹੈ ਕਿ ਅਸੀਂ ਗਠਜੋੜ ਤਹਿਤ 400 ਤੋਂ ਵੱਧ ਸੀਟਾਂ ਜਿੱਤਾਂਗੇ। ਚਿਰਾਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਗਲੇ ਦੋ-ਚਾਰ ਦਿਨਾਂ ‘ਚ ਸਾਰੀਆਂ 5 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ‘ਤੇ ਸਹਿਮਤੀ ਬਣ ਜਾਵੇਗੀ। ਅਗਲੇ ਚਾਰ-ਪੰਜ ਦਿਨਾਂ ਵਿੱਚ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
