ਮੁੰਬਈ, 08 ਅਕਤੂਬਰ। ਫਿਲਮ ਅਦਾਕਾਰਾ ਨੁਸਰਤ ਭਰੂਚਾ ਇਜ਼ਰਾਈਲ ‘ਚ ਫਸ ਗਈ ਹੈ। ਉਹ ਉੱਥੇ ਹਾਈਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਸ਼ਾਮਲ ਹੋਣ ਲਈ ਗਈ ਸੀ। ਇਹ ਜਾਣਕਾਰੀ ਉਨ੍ਹਾਂ ਦੀ ਟੀਮ ਦੇ ਇੱਕ ਮੈਂਬਰ ਨੇ ਦਿੱਤੀ ਹੈ। ਫਿਲਮ ਅਦਾਕਾਰਾ ਨੁਸਰਤ ਭਰੂਚਾ ਦੀ ਟੀਮ ਦੇ ਇੱਕ ਮੈਂਬਰ ਨੇ ਕਿਹਾ, ‘ਬਦਕਿਸਮਤੀ ਨਾਲ ਨੁਸਰਤ ਇਜ਼ਰਾਈਲ ਵਿੱਚ ਫਸ ਗਈ ਹੈ। ਉਨ੍ਹਾਂ ਨਾਲ ਸੰਪਰਕ ਵੀ ਨਹੀਂ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੁਸਰਤ ਦੀ ਟੀਮ ਨੇ ਆਖਰੀ ਵਾਰ ਸ਼ਨੀਵਾਰ ਦੁਪਹਿਰ 12.30 ਵਜੇ ਉਸ ਨਾਲ ਸੰਪਰਕ ਕੀਤਾ ਸੀ। ਉਦੋਂ ਉਹ ਬੇਸਮੈਂਟ ‘ਚ ਸੀ ਪਰ ਉਸ ਤੋਂ ਬਾਅਦ ਨੁਸਰਤ ਨਾਲ ਦੁਬਾਰਾ ਕੋਈ ਸੰਪਰਕ ਨਹੀਂ ਹੋਇਆ। ਟੀਮ ਦੇ ਮੈਂਬਰ ਮੁਤਾਬਕ ਨੁਸਰਤ ਨਾਲ ਸੰਪਰਕ ਕਰਨ ਅਤੇ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।
ਦਰਅਸਲ ਇਸਲਾਮਿਕ ਕੱਟੜਪੰਥੀ ਸਮੂਹ ‘ਹਮਾਸ’ ਨੇ ਸ਼ਨੀਵਾਰ ਨੂੰ ਇਜ਼ਰਾਈਲ ‘ਤੇ ਅਚਾਨਕ ਹਮਲਾ ਕਰ ਦਿੱਤਾ ਸੀ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ‘ਚ ਕਈ ਹਵਾਈ ਹਮਲੇ ਵੀ ਕੀਤੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਇਕ ਰਿਪੋਰਟ ਮੁਤਾਬਕ ਹਮਾਸ ਦੇ ਇਸ ਹਮਲੇ ‘ਚ ਇਜ਼ਰਾਈਲ ‘ਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 740 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੇ ਜਵਾਬ ‘ਚ ਇਜ਼ਰਾਇਲੀ ਹਵਾਈ ਹਮਲਿਆਂ ‘ਚ ਗਾਜ਼ਾ ‘ਚ 198 ਲੋਕ ਮਾਰੇ ਗਏ ਅਤੇ 1600 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
