ਨਵੀਂ ਦਿੱਲੀ, 08 ਅਕਤੂਬਰ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਜਾਤੀ ਜਨਗਣਨਾ ਨੂੰ ਸਮਾਜਿਕ ਨਿਆਂ ਅਤੇ ਆਬਾਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਸ਼ਾਸਤ ਕਿਸੇ ਵੀ ਸੂਬੇ ਵਿੱਚ ਜਾਤੀ ਜਨਗਣਨਾ ਕਿਉਂ ਨਹੀਂ ਕਰਵਾਈ ਜਾ ਰਹੀ ਅਤੇ ਪ੍ਰਧਾਨ ਮੰਤਰੀ ਇਸ ਮੁੱਦੇ ‘ਤੇ ਚੁੱਪ ਕਿਉਂ ਹਨ?
ਕਾਂਗਰਸ ਜਨਰਲ ਸਕੱਤਰ ਨੇ ਐਕਸ ‘ਤੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਰਾਜਸਥਾਨ ‘ਚ ਕਈ ਭਾਈਚਾਰਿਆਂ ਦੇ ਵਫਦਾਂ ਨਾਲ ਮੁਲਾਕਾਤ ਕੀਤੀ ਸੀ। ਉਸ ਦੌਰਾਨ ਓਬੀਸੀ ਵਫ਼ਦ ਨੇ ਜਾਤੀ ਜਨਗਣਨਾ ਦੀ ਮੰਗ ਉਠਾਈ ਸੀ। ਰਾਹੁਲ ਗਾਂਧੀ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਸੀ। ਹੁਣ ਰਾਜਸਥਾਨ ਸਰਕਾਰ ਨੇ ਉਨ੍ਹਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਜਾਤੀ ਆਧਾਰਿਤ ਸਰਵੇਖਣ ਕਰਨ ਦਾ ਫੈਸਲਾ ਕੀਤਾ ਹੈ। ਇਹ ਇੱਕ ਸਵਾਗਤਯੋਗ ਕਦਮ ਹੈ। ਇਹ ਵਿਸ਼ੇਸ਼ ਤੌਰ ‘ਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਨੀਤੀਆਂ ਬਣਾਉਣ ਵਿੱਚ ਮਦਦ ਕਰੇਗਾ।
ਜ਼ਿਕਰਯੋਗ ਹੈ ਕਿ ਬਿਹਾਰ ‘ਚ ਹੋਈ ਜਾਤੀ ਜਨਗਣਨਾ ਤੋਂ ਬਾਅਦ ਕੱਲ੍ਹ ਰਾਜਸਥਾਨ ਸਰਕਾਰ ਨੇ ਵੀ ਸੂਬੇ ‘ਚ ਜਾਤੀ ਜਨਗਣਨਾ ਕਰਵਾਉਣ ਦਾ ਹੁਕਮ ਜਾਰੀ ਕੀਤਾ ਹੈ।
