ਨਵੀਂ ਦਿੱਲੀ, 06 ਅਕਤੂਬਰ । ਦਿੱਲੀ ਆਬਕਾਰੀ ਘੁਟਾਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਲਗਾਤਾਰ ਹਮਲਾਵਰ ਹੈ। ਪਾਰਟੀ ਦੇ ਬੁਲਾਰੇ ਡਾ. ਸੁਧਾਂਸ਼ੂ ਤ੍ਰਿਵੇਦੀ ਨੇ ‘ਆਪ’ ਨੂੰ ਮੁੱਲਹੀਣ ਪਾਰਟੀ ਦੱਸਿਆ ਹੈ।
ਡਾ. ਤ੍ਰਿਵੇਦੀ ਨੇ ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਰਟਰ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਲਈ ਰਾਜਨੀਤੀ ‘ਚ ਆਈ ਆਮ ਆਦਮੀ ਪਾਰਟੀ ਇਕ ਮੁੱਲਹੀਣ ਪਾਰਟੀ ਬਣ ਗਈ ਹੈ। ਦਿੱਲੀ ਦੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸ਼ਰਾਬ ਘੁਟਾਲੇ ਦੀ ਸੀਬੀਆਈ ਜਾਂਚ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਬਕਾਰੀ ਨੀਤੀ ਵਾਪਸ ਲੈ ਲਈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਨੀਤੀ ਸਹੀ ਸੀ ਤਾਂ ਇਸ ਨੂੰ ਵਾਪਸ ਕਿਉਂ ਲਿਆ ਗਿਆ। ਅਦਾਲਤ ਦਾ ਹਵਾਲਾ ਦਿੰਦੇ ਹੋਏ ਡਾ. ਤ੍ਰਿਵੇਦੀ ਨੇ ਕਿਹਾ ਕਿ ਇਸ ਮਾਮਲੇ ‘ਚ ਜਿਸ ਤਰ੍ਹਾਂ ਦੇ ਸਬੂਤ ਸਾਹਮਣੇ ਆਏ ਹਨ, ਉਸ ਕਾਰਨ ਉਨ੍ਹਾਂ ਨੂੰ ਹਿਰਾਸਤ ‘ਚ ਰੱਖ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ।
ਭਾਜਪਾ ਦੇ ਬੁਲਾਰੇ ਡਾ. ਤ੍ਰਿਵੇਦੀ ਨੇ ਕਿਹਾ ਕਿ ‘ਆਪ’ ਦਾ ਕਿਰਦਾਰ ਹੁਣ ਤਾਰ ਤਾਰ ਹੋ ਰਿਹਾ ਹੈ। ਪਹਿਲਾਂ ਉਨ੍ਹਾਂ ਦਾ ਮੰਤਰੀ ਸਤੇਂਦਰ ਜੈਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਗਏ ਅਤੇ ਅਦਾਲਤ ਤੋਂ ਜ਼ਮਾਨਤ ਨਹੀਂ ਮਿਲੀ। ਫਿਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੇਲ੍ਹ ਗਏ। ਹੁਣ ਸੰਸਦ ਮੈਂਬਰ ਸੰਜੇ ਸਿੰਘ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਰਿਮਾਂਡ ‘ਤੇ ਹਨ। ਇਸ ਤੋਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਵਿੱਚ ਭ੍ਰਿਸ਼ਟਾਚਾਰ ਆਮ ਹੁੰਦਾ ਜਾ ਰਿਹਾ ਹੈ।
