ਨਵੀਂ ਦਿੱਲੀ, 17 ਫਰਵਰੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ। ਇਹ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਲਗਾਤਾਰ ਅਣਦੇਖੀ ਕਰ ਰਹੀ ਹੈ। ਖੜਗੇ ਨੇ ਸ਼ਨੀਵਾਰ ਨੂੰ ਐਕਸ ’ਤੇ ਲਿਖਿਆ ਕਿ ਕੱਲ੍ਹ ਅੰਦੋਲਨ ਕਰ ਰਹੇ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਰਬੜ ਦੀਆਂ ਗੋਲੀਆਂ ਲੱਗਣ ਨਾਲ ਤਿੰਨ ਕਿਸਾਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਮੋਦੀ ਸਰਕਾਰ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਸਲੂਕ ਕਰ ਰਹੀ ਹੈ।
ਖੜਗੇ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਾਰੰਟੀ ਦੇਣ ਲਈ ਵਚਨਬੱਧ ਹੈ। ਅਸੀਂ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਵਾਂਗੇ।ਜ਼ਿਕਰਯੋਗ ਹੈ ਕਿ ਗੁਰਦਾਸਪੁਰ ਤੋਂ ‘ਦਿੱਲੀ ਚਲੋ’ ਅੰਦੋਲਨ ਵਿੱਚ ਹਿੱਸਾ ਲੈਣ ਆਏ ਇੱਕ ਕਿਸਾਨ ਦੀ ਸ਼ੰਭੂ ਸਰਹੱਦ ‘ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਰਬੜ ਦੀਆਂ ਗੋਲੀਆਂ ਲੱਗਣ ਤੋਂ ਬਾਅਦ ਤਿੰਨ ਕਿਸਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
