ਨਵੀਂ ਦਿੱਲੀ, 08 ਅਕਤੂਬਰ। ਆਦਿਤਿਆ ਐਲ-1 ਮਿਸ਼ਨ ਦੇ ਬਾਰੇ ‘ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਦੱਸਿਆ ਕਿ ਪੁਲਾੜ ਯਾਨ ਠੀਕ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਅਤੇ ਇਹ ਐੱਲ-1 ਪੁਆਇੰਟ ਵੱਲ ਵਧ ਰਿਹਾ ਹੈ। 6 ਅਕਤੂਬਰ ਨੂੰ ਪੁਲਾੜ ਯਾਨ ਦੀ ਦਿਸ਼ਾ ਨੂੰ ਠੀਕ ਕਰਨ ਲਈ ਇੱਕ ਟ੍ਰੈਜੈਕਟਰੀ ਕਰੈਕਸ਼ਨ ਮੈਨਿਊਵਰ (ਟੀਸੀਐੱਮ) ਕੀਤਾ ਗਿਆ, ਜਿਸ ਵਿੱਚ 16 ਸਕਿੰਟ ਲੱਗੇ।
ਇਸਰੋ ਨੇ ਐਕਸ ਦੇ ਜ਼ਰੀਏ ਕਿਹਾ ਕਿ ਟੀਸੀਐਮ ਦੁਆਰਾ 19 ਸਤੰਬਰ ਨੂੰ ਕੀਤੇ ਗਏ ਟ੍ਰਾਂਸ-ਲੈਗਰੇਂਜੀਅਨ ਪੁਆਇੰਟ-1 ਸੰਮਿਲਨ ਨੂੰ ਟਰੈਕ ਕਰਨ ਤੋਂ ਬਾਅਦ ਪੁਲਾੜ ਯਾਨ ਦੇ ਮਾਰਗ ਨੂੰ ਠੀਕ ਕਰਨ ਲਈ ਇਹ ਕਦਮ ਜ਼ਰੂਰੀ ਸੀ। ਟੀਸੀਐਮ ਦੇ ਜ਼ਰੀਏ, ਇਹ ਯਕੀਨੀ ਬਣਾਇਆ ਗਿਆ ਸੀ ਕਿ ਪੁਲਾੜ ਯਾਨ ਐਲ-1 ਆਪਣੇ ਨਿਯਤ ਮਾਰਗ ‘ਤੇ ਸਹੀ ਦਿਸ਼ਾ ‘ਤੇ ਹੈ। ਜਿਵੇਂ ਜਿਵੇਂ ਆਦਿਤਿਆ ਐਲ-1 ਅੱਗੇ ਵੱਧਦਾ ਰਹੇਗਾ, ਇਸ ਦਾ ਮੈਗਨੇਟੋਮੀਟਰ ਮੁੜ ਚਾਲੂ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਆਦਿਤਿਆ ਐੱਲ-1, 15 ਲੱਖ ਕਿਲੋਮੀਟਰ ਦੀ ਦੂਰੀ ਤੋਂ ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ-ਅਧਾਰਤ ਆਬਜ਼ਰਵੇਟਰੀ-ਕਲਾਸ ਭਾਰਤੀ ਸੋਲਰ ਮਿਸ਼ਨ ਹੈ। ਐੱਲ-1 ਪੁਆਇੰਟ ਤੱਕ ਪਹੁੰਚਣ ਲਈ ਲਗਭਗ 125 ਦਿਨ ਲੱਗਣਗੇ। ਪੁਲਾੜ ਯਾਨ ਨੂੰ ਸੂਰਜ-ਧਰਤੀ ਲੈਗ੍ਰਾਂਜਿਅਨ ਬਿੰਦੂ 1 (ਐੱਲ-1) ਦੇ ਦੁਆਲੇ ਇੱਕ ਹਾਲੋ ਆਰਬਿਟ ਵਿੱਚ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਇਸਰੋ ਨੇ ਦੱਸਿਆ ਸੀ ਕਿ ਪੁਲਾੜ ਯਾਨ ਨੇ ਨੌਂ ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਹੈ।
