ਨਵੀਂ ਦਿੱਲੀ, 8 ਅਗਸਤ (ਹਿੰ.ਸ.)। ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸ਼ੁੱਕਰਵਾਰ ਨੂੰ ਕੰਮਕਾਜ ਠੱਪ ਰਿਹਾ। ਅੱਜ ਭਾਰਤ ਛੱਡੋ ਅੰਦੋਲਨ ਦੀ ਜਯੰਤੀ ‘ਤੇ ਦੋਵਾਂ ਸਦਨਾਂ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਗਿਆ। ਲੋਕ ਸਭਾ ਵਿੱਚ, ਸਦਨ ਦੇ ਸਾਬਕਾ ਮੈਂਬਰ ਸਤਿਆਪਾਲ ਮਲਿਕ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕੀਤਾ ਗਿਆ।
ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਬਾਅਦ ਵਿੱਚ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਕਾਰਵਾਈ ਦੁਪਹਿਰ 3 ਵਜੇ ਮੁੜ ਸ਼ੁਰੂ ਹੋਈ, ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਦਨ ਦੀ ਇਜਾਜ਼ਤ ਨਾਲ ਆਮਦਨ ਕਰ ਬਿੱਲ 2025 ਵਾਪਸ ਲੈ ਲਿਆ। ਇਸ ਦੌਰਾਨ, ਇੱਕ ਵਾਰ ਫਿਰ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਕੰਮਕਾਜ ਸੁਚਾਰੂ ਢੰਗ ਨਾਲ ਚੱਲਣ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦਾ ਦਿਨ ਪ੍ਰਾਈਵੇਟ ਮੈਂਬਰ ਦਾ ਹੁੰਦਾ ਹੈ ਅਤੇ ਵਿਰੋਧੀ ਧਿਰ ਉਨ੍ਹਾਂ ਨੂੰ ਸਮਾਂ ਵੀ ਨਹੀਂ ਦੇਣਾ ਚਾਹੁੰਦੀ। ਇਸ ਤੋਂ ਬਾਅਦ, ਕ੍ਰਿਸ਼ਨਾ ਪ੍ਰਸਾਦ ਤਿਨੱਟੀ ਨੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਅਤੇ ਕਾਂਗਰਸ ਦੇ ‘ਵੋਟ ਚੋਰੀ’ ਦੇ ਦੋਸ਼ਾਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਹੰਗਾਮਾ ਕੀਤਾ। ਇਸ ਕਾਰਨ, ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ, ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ
