ਨਵੀਂ ਦਿੱਲੀ, 21 ਦਸੰਬਰ (ਹਿ. ਸ.)। ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਅਤੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਖਿਲਾਫ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਵਿਰੋਧ ਮਾਰਚ ਕੱਢਿਆ।
ਅੱਜ ਸਵੇਰੇ ‘ਆਈਐੱਨਡੀਆਈੲ’ ਗਠਜੋੜ ਦਲਾਂ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਤੋਂ ਵਿਜੇ ਚੌਕ ਤੱਕ ਰੋਸ ਮਾਰਚ ਕੱਢਿਆ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਸਦ ਦੇ ਦੋਵਾਂ ਸਦਨਾਂ ਵਿੱਚ ਸੁਰੱਖਿਆ ਕੁਤਾਹੀ ਦੇ ਮੁੱਦੇ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਸਾਰੇ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣੀ ਚਾਹੀਦੀ ਹੈ।
ਵਿਰੋਧ ਮਾਰਚ ਵਿੱਚ ਸ਼ਾਮਲ ਹੋਏ ਕਾਂਗਰਸੀ ਸੰਸਦ ਮੈਂਬਰ ਗੌਰਵ ਗੋਗੋਈ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਸਦ ਨੂੰ ਵਿਰੋਧੀ ਧਿਰ ਤੋਂ ਸੱਖਣਾ ਕਰ ਦਿੱਤਾ ਹੈ। ਸੰਸਦ ਦੀ ਸੁਰੱਖਿਆ ਇੱਕ ਗੰਭੀਰ ਮੁੱਦਾ ਹੈ। ਗ੍ਰਹਿ ਮੰਤਰੀ ਸਦਨ ਵਿੱਚ ਇਸ ਮੁੱਦੇ ਦਾ ਜਵਾਬ ਨਹੀਂ ਦੇ ਰਹੇ ਹਨ। ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ‘ਆਈਐੱਨਡੀਆਈਏ’ ਗਠਜੋੜ ਦੇ ਦਲ ਇੱਕਠੇ ਹਨ। ਅਸੀਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸੰਸਦ ਤੋਂ ਲੈ ਕੇ ਸੜਕਾਂ ਤੱਕ ਜਾਰੀ ਰੱਖਾਂਗੇ।
ਜ਼ਿਕਰਯੋਗ ਹੈ ਕਿ ਸੰਸਦ ‘ਚ ਸੁਰੱਖਿਆ ‘ਚ ਕੋਤਾਹੀ ਦੇ ਮੁੱਦੇ ‘ਤੇ ਵਿਰੋਧੀ ਧਿਰ ਗ੍ਰਹਿ ਮੰਤਰੀ ਤੋਂ ਸੰਸਦ ਦੇ ਦੋਵਾਂ ਸਦਨਾਂ ‘ਚ ਜਵਾਬ ਦੇਣ ਦੀ ਮੰਗ ਕਰ ਰਹੀ ਹੈ। ਇਸ ਮੰਗ ਨੂੰ ਲੈ ਕੇ ਦੋਹਾਂ ਸਦਨਾਂ ‘ਚ ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾਂ ਨੇ ਗੈਰ-ਸੰਸਦੀ ਰਵੱਈਆ ਅਪਣਾਇਆ ਸੀ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ 143 ਸੰਸਦ ਮੈਂਬਰਾਂ ਨੂੰ ਦੋਹਾਂ ਸਦਨਾਂ ‘ਚੋਂ ਮੁਅੱਤਲ ਕਰ ਦਿੱਤਾ ਗਿਆ। ਇਸ ਮੁਅੱਤਲੀ ਅਤੇ ਸੁਰੱਖਿਆ ਕੁਤਾਹੀ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਅੱਜ ਕਾਂਗਰਸ ਦੀ ਅਗਵਾਈ ਹੇਠ ਵਿਰੋਧ ਮਾਰਚ ਕੱਢ ਰਹੀ ਹੈ।
ਪਿਛਲੇ ਹਫ਼ਤੇ ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਦੋ ਨੌਜਵਾਨ ਦਰਸ਼ਕ ਗੈਲਰੀ ਵਿੱਚੋਂ ਸਦਨ ਵਿੱਚ ਕੁੱਦ ਪਏ ਸਨ। ਨੌਜਵਾਨ ਸਪਰੇਅ ਨੂੰ ਆਪਣੀ ਜੁੱਤੀ ਵਿੱਚ ਛਿਪਾ ਕੇ ਲਿਆਏ। ਜਿਸਦਾ ਉਨ੍ਹਾਂ ਨੇ ਸਦਨ ’ਚ ਛਿੜਕਾਅ ਕੀਤਾ ਅਤੇ ਪੀਲਾ ਧੂੰਆਂ ਫੈਲ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
