ਜੈਸਲਮੇਰ, 25 ਦਸੰਬਰ (ਹਿ.ਸ.)। ਤਨੋਟ ਮਾਤਾ ਮੰਦਿਰ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਗੁਜਰਾਤ ਤੋਂ ਦੋਸਤਾਂ ਦੀ ਕਾਰ ਬਾੜਮੇਰ ਜ਼ਿਲ੍ਹੇ ਦੇ ਧੋਰੀਮੰਨਾ ਬੋਰ ਟੋਲ ਪਲਾਜ਼ਾ ਨੇੜੇ ਸੋਮਵਾਰ ਸਵੇਰੇ ਸੰਘਣੀ ਧੁੰਦ ਕਾਰਨ ਅਣਪਛਾਤੇ ਵਾਹਨ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਗੁਜਰਾਤ ਦੇ ਚਾਰ ਨੌਜਵਾਨ ਤਨੋਟ ਮਾਤਾ ਦੇ ਦਰਸ਼ਨਾਂ ਲਈ ਕਾਰ ‘ਚ ਜੈਸਲਮੇਰ ਆਏ ਸਨ। ਇਹ ਲੋਕ ਦਰਸ਼ਨ ਕਰਕੇ ਵਾਪਸ ਅਹਿਮਦਾਬਾਦ ਜਾ ਰਹੇ ਸਨ। ਸੋਮਵਾਰ ਸਵੇਰੇ ਕਰੀਬ 7 ਵਜੇ ਬਾੜਮੇਰ ਜ਼ਿਲੇ ‘ਚ ਨੈਸ਼ਨਲ ਹਾਈਵੇਅ-68 ‘ਤੇ ਧੋਰੀਮੰਨਾ ਬੋਰ ਟੋਲ ਪਲਾਜ਼ਾ ਦੇ ਕੋਲ ਉਨ੍ਹਾਂ ਦੀ ਕਾਰ ਇਕ ਅਣਪਛਾਤੇ ਵਾਹਨ ਨਾਲ ਟਕਰਾ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਸਾਹਮਣੇ ਤੋਂ ਪੂਰੀ ਤਰ੍ਹਾਂ ਪਿਚਕ ਗਈ ਅਤੇ ਕਾਰ ‘ਚ ਸਵਾਰ ਚਾਰੇ ਨੌਜਵਾਨ ਫਸ ਗਏ। ਰਾਹਗੀਰਾਂ ਨੇ ਕਾਰ ਦੇ ਅਗਲੇ ਹਿੱਸੇ ਨੂੰ ਰੱਸੀ ਨਾਲ ਖਿੱਚ ਕੇ ਚਾਰਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਧੋਰੀਮੰਨਾ ਹਸਪਤਾਲ ਲੈ ਗਏ। ਡਾਕਟਰਾਂ ਨੇ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਧੋਰੀਮੰਨਾ ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਜਿਤਿਨ (48) ਪੁੱਤਰ ਗਿਰਿਧਰ ਪਟੇਲ, ਵਿਸ਼ਨੂੰ (50) ਪੁੱਤਰ ਪ੍ਰਹਿਲਾਦ ਭਾਈ ਪਟੇਲ ਅਤੇ ਜਿਗਨੇਸ਼ ਕੁਮਾਰ (50) ਪੁੱਤਰ ਚੰਦੂ ਸੁਥਾਰ ਵਜੋਂ ਹੋਈ ਹੈ। ਤਿੰਨੋਂ ਅਹਿਮਦਾਬਾਦ ਦੇ ਰਹਿਣ ਵਾਲੇ ਸਨ। ਹਾਦਸੇ ‘ਚ ਗਾਂਧੀਨਗਰ ਨਿਵਾਸੀ ਵਿਸ਼ਨੂੰ ਭਾਈ (49) ਪੁੱਤਰ ਰਮਨ ਪਟੇਲ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਡੀਸਾ (ਗੁਜਰਾਤ) ਦੇ ਜ਼ਿਲਾ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ।
ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਜਾਮ ਲੱਗ ਗਿਆ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
