
ਉੱਤਰਕਾਸ਼ੀ/ਸਿਲਕਿਆਰਾ, 23 ਨਵੰਬਰ (ਹਿ.ਸ.)। ਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ ਵਿੱਚ ਪਿਛਲੇ 10 ਦਿਨਾਂ ਤੋਂ ਫਸੇ 41 ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਲਈ ਵੀਰਵਾਰ ਦਾ ਦਿਨ ਬਹੁਤ ਮਹੱਤਵਪੂਰਨ ਹੈ। ਜੰਗੀ ਪੱਧਰ ‘ਤੇ ਚੱਲ ਰਹੇ ਬਚਾਅ ਕਾਰਜਾਂ ਨੂੰ ਦੇਖਦੇ ਹੋਏ ਸਫਲਤਾ ਦਾ ਰਸਤਾ ਜਲਦ ਹੀ ਤਿਆਰ ਹੁੰਦਾ ਨਜ਼ਰ ਆ ਰਿਹਾ ਹੈ। ਸਿਲਕਿਆਰਾ ਵਿੱਚ ਉਸਾਰੀ ਅਧੀਨ ਸੁਰੰਗ ਦੇ ਅੰਦਰ ਦੀ ਹਿਊਮ ਪਾਈਪ ਪੂਰੀ ਤਰ੍ਹਾਂ ਲੰਘ ਚੁੱਕੀ ਹੈ। ਮੁੱਖ ਮੰਤਰੀ ਪੁਸ਼ਕਰ ਧਾਮੀ ਬਚਾਅ ਕਾਰਜਾਂ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਉੱਤਰਕਾਸ਼ੀ ‘ਚ ਹੀ ਰਾਤ ਲਈ ਆਰਾਮ ਕੀਤਾ।
ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਚੱਲ ਰਹੇ ਬਚਾਅ ਕਾਰਜਾਂ ਲਈ ਅੱਜ ਦਾ ਦਿਨ ਫੈਸਲਾਕੁੰਨ ਦਿਨ ਹੋ ਸਕਦਾ ਹੈ। ਰਾਹਤ ਕਰਮਚਾਰੀ ਇਨ੍ਹਾਂ ਮਜ਼ਦੂਰਾਂ ਦੇ ਬਹੁਤ ਨੇੜੇ ਹਨ ਅਤੇ ਕੁਝ ਘੰਟਿਆਂ ਵਿੱਚ ਹੀ ਰਾਹਤ ਕਰਮਚਾਰੀ ਉੱਥੇ ਪਹੁੰਚ ਸਕਦੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ, ਹਿਊਮ ਪਾਈਪ ਨੂੰ ਸੁਰੰਗ ਦੇ ਪਾਰ ਸਫਲਤਾਪੂਰਵਕ ਪਹੁੰਚਾਇਆ ਗਿਆ ਸੀ।
ਮਜ਼ਦੂਰਾਂ ਨੂੰ ਸੁਰੰਗ ‘ਚੋਂ ਕੱਢਣ ਤੋਂ ਬਾਅਦ ਡਾਕਟਰੀ ਇਲਾਜ ਸਮੇਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਲਈ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਚਿਨਿਆਲੀਸੌਰ ਵਿੱਚ 41 ਬਿਸਤਰਿਆਂ ਦਾ ਹਸਪਤਾਲ ਤਿਆਰ ਹੈ। ਏਨੀ ਗਿਣਤੀ ਦੀਆਂ ਐਂਬੂਲੈਂਸਾਂ ਵੀ ਉਥੇ ਖੜ੍ਹੀਆਂ ਹਨ। ਕੜਾਕੇ ਦੀ ਸਰਦੀ ਵਿੱਚ, ਪੁਲਿਸ ਕਰਮਚਾਰੀ, ਐੱਸਡੀਆਰਐੱਫ ਅਤੇ ਐੱਨਡੀਆਰਐੱਫ ਦੇ ਕਰਮਚਾਰੀ ਮੌਕੇ ‘ਤੇ ਮੌਜੂਦ ਹਨ ਅਤੇ ਬਚਾਅ ਕਾਰਜਾਂ ਵਿੱਚ ਮਦਦ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
