

ਸਾਂਵਲੀਆ ਸੇਠ/ਚਿਤੌੜਗੜ੍ਹ, 02 ਅਕਤੂਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਮੇਵਾੜ ਦੇ ਤੀਰਥ ਸਾਂਵਲੀਆ ਸੇਠ ਵਿਖੇ ਚੋਣ ਸ਼ੰਖ ਵਜਾਉਂਦੇ ਹੋਏ ਕਿਹਾ ਕਿ ਰਾਜਸਥਾਨ ‘ਚ ਸਿਰਫ਼ ਇੱਕ ਹੀ ਚਿਹਰਾ ਹੈ, ਉਹ ਹੈ ਕਮਲ। ਸਾਡੀ ਉਮੀਦ ਕਮਲ ਹੈ, ਉਮੀਦਵਾਰ ਵੀ ਕਮਲ ਹੈ, ਕਮਲ ਖਿੜਾਉਣਗੇ ਤੇ ਰਾਜਸਥਾਨ ਨੂੰ ਅੱਗੇ ਵਧਾਉਣਗੇ।
ਮੇਵਾੜ ਦੀ ਧਰਤੀ ਤੋਂ ਚੋਣ ਬਿਗਲ ਵਜਾਉਂਦੇ ਹੋਏ ਉਨ੍ਹਾਂ ਸੱਦਾ ਦਿੱਤਾ ਕਿ ਮੇਵਾੜ ਦੀ ਆਵਾਜ਼ ਪੂਰੇ ਰਾਜਸਥਾਨ ਦੀ ਆਵਾਜ਼ ਹੈ। ਉਨ੍ਹਾਂ ਪੰਡਾਲ ਦੇ ਬਾਹਰ ਮੌਜੂਦ ਵੱਡੀ ਗਿਣਤੀ ਲੋਕਾਂ ਨੂੰ ਕਿਹਾ ਕਿ ਪੰਡਾਲ ਭਾਵੇਂ ਛੋਟਾ ਹੋ ਗਿਆ ਹੋਵੇ ਪਰ ਮੋਦੀ ਦਾ ਦਿਲ ਵੱਡਾ ਹੈ। ਪੀਐਮ ਮੋਦੀ ਨੇ ਭਾਜਪਾ ਦੇ ਚੋਣ ਨਾਅਰਿਆਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਆਵੇਗੀ-ਗੁੰਡਾਗਰਦੀ ਹਟਾਏਗੀ, ਭਾਜਪਾ ਆਏਗੀ-ਦੰਗੇ ਰੁਕਵਾਏਗੀ, ਭਾਜਪਾ ਆਏਗੀ – ਪਥਰਾਅ ਰੁਕਵਾਏਗੀ, ਭਾਜਪਾ ਆਏਗੀ – ਬੇਈਮਾਨੀ ਰੁਕਵਾਏਗੀ, ਭਾਜਪਾ ਆਏਗੀ- ਮਹਿਲਾ ਸੁਰੱਖਿਆ ਲਿਆਏਗੀ, ਭਾਜਪਾ ਆਏਗੀ – ਰੁਜ਼ਗਾਰ ਲਿਆਏਗੀ, ਭਾਜਪਾ ਆਏਗੀ – ਖੁਸ਼ਹਾਲ ਰਾਜਸਥਾਨ ਬਣਾਏਗੀ।
ਸਾਂਵਲੀਆ ਸੇਠ ਮੰਦਰ ‘ਚ ਦਰਸ਼ਨ ਕਰਨ ਅਤੇ 7 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਾਂਗਰਸ ‘ਤੇ ਵਰ੍ਹੇ। ਉਨ੍ਹਾਂ ਕਿਹਾ ਕਿ ਰਾਜਸਥਾਨ ਦੀ ਸੰਸਕ੍ਰਿਤੀ ਆਪਣੀ ਵਿਰਾਸਤ ‘ਤੇ ਮਾਣ ਕਰਨ ਵਾਲੀ ਹੈ ਪਰ ਪੰਜ ਸਾਲਾਂ ਦੀ ਕਾਂਗਰਸ ਸਰਕਾਰ ਨੇ ਰਾਜਸਥਾਨ ਦੀ ਸਾਖ ਨੂੰ ਢਾਹ ਲਾਈ ਹੈ। ਮੁੱਖ ਮੰਤਰੀ ਗਹਿਲੋਤ ਆਪਣੀ ਕੁਰਸੀ ਬਚਾਉਣ ਲਈ ਦਿਨ-ਰਾਤ ਲੱਗੇ ਰਹੇ, ਜਦਕਿ ਅੱਧੀ ਕਾਂਗਰਸ ਕੁਰਸੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ‘ਚ ਲੱਗੀ ਰਹੀ। ਉਨ੍ਹਾਂ ਤੰਜ ਕਸਿਆ ਬੇਟਿਆਂ ਨੂੰ ਸੈਟ ਕਰਨ ਲਈ ਦੂਜਿਆਂ ਦੇ ਬੇਟਿਆਂ ਨੂੰ ਉਖਾੜਨ ਵਿੱਚ ਲੱਗੇ ਰਹ, ਪਰ ਸਾਰੇ ਕਾਂਗਰਸੀ ਆਗੂ ਇੱਕ ਮੁੱਦੇ ’ਤੇ ਸਹਿਮਤ ਰਹੇ, ਉਨ੍ਹਾਂ ਨੇ ਰਾਜਸਥਾਨ ਨੂੰ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਮੋਦੀ ਨੇ ਗਹਿਲੋਤ ਦੇ ਉਸ ਬਿਆਨ ‘ਤੇ ਪਲਟਵਾਰ ਕੀਤਾ, ਜਿਸ ‘ਚ ਗਹਿਲੋਤ ਨੇ ਕਿਹਾ ਸੀ ਕਿ ਭਾਜਪਾ ਨੂੰ ਗਾਰੰਟੀ ਦੇਣੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ‘ਚ ਆਉਂਦੀ ਹੈ ਤਾਂ ਉਹ ਕਾਂਗਰਸ ਸਰਕਾਰ ਦੀਆਂ ਯੋਜਨਾਵਾਂ ਨੂੰ ਬੰਦ ਨਹੀਂ ਕਰੇਗੀ। ਮੋਦੀ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਗਹਿਲੋਤ ਨੇ ਖੁਦ ਸਵੀਕਾਰ ਕੀਤਾ ਹੈ ਕਿ ਉਹ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੋਦੀ ਦੀ ਗਾਰੰਟੀ ਹੈ ਕਿ ਲੋਕ ਹਿੱਤ ਦੀ ਕੋਈ ਵੀ ਸਕੀਮ ਬੰਦ ਨਹੀਂ ਹੋਵੇਗੀ, ਸਗੋਂ ਇਸ ਨੂੰ ਸੁਧਾਰਨ ਲਈ ਯਤਨ ਕੀਤੇ ਜਾਣਗੇ।ਮੋਦੀ ਨੇ ਇਕ ਹੋਰ ਗਾਰੰਟੀ ਵੀ ਦਿੱਤੀ ਅਤੇ ਕਿਹਾ ਕਿ ਗਰੀਬਾਂ ਨੂੰ ਲੁੱਟਣ ਵਾਲੇ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਮੋਦੀ ਨੇ ਕਿਹਾ ਕਿ ਕਾਂਗਰਸ ਦਾ ਮੰਤਰ ਹੈ ‘ਆਪਣੇ ਘੋੜਿਆਂ ਨੂੰ ਛਾਂ ‘ਚ ਬੰਨ੍ਹੋ’।
ਮੋਦੀ ਨੇ ਕਿਹਾ ਕਿ ਜਦੋਂ ਅਪਰਾਧ ਦੀ ਗੱਲ ਆਉਂਦੀ ਹੈ ਤਾਂ ਰਾਜਸਥਾਨ ਸਭ ਤੋਂ ਉੱਪਰ ਆਉਂਦਾ ਹੈ। ਅਰਾਜਕਤਾ, ਦੰਗੇ, ਪੱਥਰਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਸਾਡਾ ਰਾਜਸਥਾਨ ਬਦਨਾਮ ਹੁੰਦਾ ਹੈ। ਔਰਤਾਂ ‘ਤੇ ਅੱਤਿਆਚਾਰਾਂ ਅਤੇ ਦਲਿਤਾਂ ‘ਤੇ ਅੱਤਿਆਚਾਰਾਂ ਲਈ ਸਾਡਾ ਰਾਜਸਥਾਨ ਬਦਨਾਮ ਹੁੰਦਾ ਹੈ। ਚਾਰ ਸਾਲਾਂ ਤੋਂ ਜੋੜ ਤੋੜ ਵਿੱਚ ਰੁੱਝੀ ਹੋਈ ਕਾਂਗਰਸ ਸਰਕਾਰ ਨੂੰ ਜਦੋਂ ਇਹ ਲੱਗਦਾ ਹੈ ਕਿ ਉਹ ਚੋਣਾਂ ਹਾਰਨ ਜਾ ਰਹੀ ਹੈ ਤਾਂ ਉਹ ਝੂਠੇ ਐਲਾਨ ਕਰਨ ਲੱਗ ਜਾਂਦੀ ਹੈ। ਸਰਕਾਰੀ ਖਜ਼ਾਨੇ ਵਿੱਚੋਂ ਪ੍ਰਚਾਰ ਕਰਦੀ ਹੈ।
ਮੋਦੀ ਨੇ ਮਹਾਤਮਾ ਗਾਂਧੀ ਦੇ ਜਨਮ ਦਿਨ ‘ਤੇ ਸਵੱਛਤਾ ਪ੍ਰੋਗਰਾਮ ਤੋਂ ਦੂਰੀ ਬਣਾਏ ਰੱਖਣ ਲਈ ਕਾਂਗਰਸ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵਾਲਿਆਂ ਨੂੰ ਵੀ ਸਫਾਈ ਪ੍ਰੋਗਰਾਮ ਨੂੰ ਲੈ ਕੇ ਦਿੱਕਤ ਆ ਰਹੀ ਹੈ। ਸਵੱਛਤਾ ਖੁਦ ਮਹਾਤਮਾ ਗਾਂਧੀ ਦਾ ਮੰਤਰ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਵੀ ਉਨ੍ਹਾਂ ਨੂੰ ਪ੍ਰੋਗਰਾਮ ਆਯੋਜਿਤ ਕਰਨ ‘ਚ ਦਿੱਕਤ ਹੈ। ਮੋਦੀ ਨੇ ਕਾਂਗਰਸ ਅਤੇ ਘਮੰਡੀਆ ਗਠਜੋੜ ਨੂੰ ਸਲਾਹ ਦਿੱਤੀ ਕਿ ਜੇ ਮਹਾਤਮਾ ਗਾਂਧੀ ਦੇ ਜਨਮ ਦਿਨ ‘ਤੇ ਨਹੀਂ ਤਾਂ ਆਪਣੇ ਜਨਮ ਦਿਨ ‘ਤੇ ਕਰੋ, ਆਪਣੇ ਨਹੀਂ ਤਾਂ ਆਪਣੇ ਨੇਤਾ ਦੇ ਜਨਮ ਦਿਨ ‘ਤੇ ਕਰੋ, ਉਨ੍ਹਾਂ ਦੇ ਨਹੀਂ ਤਾਂ ਆਪਣੇ ਬੱਚਿਆਂ ਦੇ ਜਨਮ ਦਿਨ ‘ਤੇ ਕਰੋ, ਪਰ ਕਰੋ ਤਾਂ ਸਹੀ। ਕਾਂਗਰਸ ਇਹ ਕੰਮ ਨਹੀਂ ਕਰਦੀ ਕਿਉਂਕਿ ਉਸ ਨੂੰ ਕਮਿਸ਼ਨ ਨਹੀਂ ਮਿਲਦਾ।
ਉਦੈਪੁਰ ਦੇ ਕਨ੍ਹਈਲਾਲ ਕਤਲ ਕਾਂਡ ‘ਤੇ ਮੋਦੀ ਭੜਕ ਪਏ। ਉਨ੍ਹਾਂ ਕਿਹਾ ਕਿ ਉਦੈਪੁਰ ‘ਚ ਜੋ ਹੋਇਆ, ਉਸਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਇਹ ਪਾਪ ਰਾਜਸਥਾਨ ਵਿਚ ਹੋਇਆ, ਜਿਸ ਨੇ ਧੋਖੇ ਨਾਲ ਵੀ ਦੁਸ਼ਮਣ ‘ਤੇ ਹਮਲਾ ਨਾ ਕਰਨ ਦੀ ਨੀਤੀ ਰੱਖੀ ਸੀ। ਲੋਕ ਕੱਪੜੇ ਸਿਲਾਈ ਕਰਵਾਉਣ ਦੇ ਬਹਾਨੇ ਆ ਕੇ ਦਰਜ਼ੀ ਦਾ ਗਲਾ ਵੱਢ ਦਿੰਦੇ ਹਨ। ਉਸਦੀ ਇੱਕ ਵੀਡੀਓ ਬਣਾਉਂਦੇ ਹਨ ਅਤੇ ਮਾਣ ਨਾਲ ਉਸਨੂੰ ਵਾਇਰਲ ਕਰਦੇ ਹਨ। ਕਾਂਗਰਸ ਸਰਕਾਰ ਨੂੰ ਉਸ ਵਿੱਚ ਵੀ ਵੋਟ ਬੈਂਕ ਦੀ ਚਿੰਤਾ ਹੈ। ਤੀਜ ਅਤੇ ਤਿਉਹਾਰਾਂ ਨੂੰ ਸ਼ਾਂਤੀਪੂਰਵਕ ਮਨਾਉਣਾ ਸੰਭਵ ਨਹੀਂ ਹੈ, ਦਦੋਂ ਦੰਗੇ ਹੋ ਹਨ, ਕਦੋਂ ਪੱਥਰਬਾਜ਼ੀ ਹੋ ਜਾਵੇ, ਕਦੋਂ ਕਰਫਿਊ ਲੱਗ ਜਾਵੇ, ਆਮ ਆਦਮੀ ਨੂੰ ਜੀਵਨ ਦੀ, ਵਪਾਰੀ ਨੂੰ ਆਪਣੇ ਕਾਰੋਬਾਰ ਦੀ ਅਤੇ ਮਜ਼ਦੂਰ ਨੂੰ ਆਪਣੇ ਕੰਮ ਦੀ ਚਿੰਤਾ ਲੱਗੀ ਰਹਿੰਦੀ ਹੈ। ਕਾਂਗਰਸ ਨੇ ਰਾਜਸਥਾਨ ਵਿੱਚ ਅਜਿਹਾ ਮਾਹੌਲ ਬਣਾਇਆ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ ‘ਚ ਧੀਆਂ ਨਾਲ ਬੇਇਨਸਾਫੀ ਦੀ ਪਰੰਪਰਾ ਬਣਾ ਦਿੱਤੀ ਗਈ ਹੈ। ਬਾੜਮੇਰ, ਜਮਵਾਰਮਗੜ੍ਹ, ਭੀਲਵਾੜਾ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਇਸੇ ਲਈ ਇੱਥੋਂ ਦੀਆਂ ਭੈਣਾਂ-ਧੀਆਂ ਕਹਿ ਰਹੀਆਂ ਹਨ ਕਿ ਭਾਜਪਾ ਲਿਆਉਣੀ ਪਵੇਗੀ, ਕਿਉਂਕਿ ਭਾਜਪਾ ਆ ਕੇ ਔਰਤਾਂ ਦੀ ਸੁਰੱਖਿਆ ਲੈ ਕੇ ਆਵੇਗੀ। ਮੋਦੀ ਆਪਣੀਆਂ ਭੈਣਾਂ ਅਤੇ ਧੀਆਂ ਨੂੰ ਦਿੱਤੀ ਗਈ ਹਰ ਗਾਰੰਟੀ ਨੂੰ ਪੂਰਾ ਕਰ ਰਹੇ ਹਨ।
ਮਹਿਲਾ ਰਿਜ਼ਰਵੇਸ਼ਨ ‘ਤੇ ਵੀ ਪੀਐਮ ਮੋਦੀ ਨੇ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਮੋਦੀ ਨੇ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦੀ ਗਾਰੰਟੀ ਵੀ ਪੂਰੀ ਕੀਤੀ। ਇਸ ਵਾਰ ਕਾਂਗਰਸ ਨੂੰ ਸਮਰਥਨ ਦੇਣ ਲਈ ਮਜ਼ਬੂਰ ਹੋਣਾ ਪਿਆ, ਨਹੀਂ ਤਾਂ ਹੁਣ ਤੱਕ ਕਾਂਗਰਸ ਸਿਰਫ ਦਿਖਾਵੇ ਲਈ ਬਿੱਲ ਲਿਆਉਂਦੀ ਸੀ ਅਤੇ ਆਪਣੇ ਹੀ ਸਾਥੀਆਂ ਤੋਂ ਵਿਰੋਧ ਕਰਵਾਉਂਦੀ ਸੀ। ਹੁਣ ਕਾਂਗਰਸ ਅਤੇ ਇਸ ਦੇ ਘਮੰਡੀਆ ਗਠਜੋੜ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਅਤੇ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਭੰਬਲਭੂਸਾ ਫੈਲਾ ਰਹੇ ਹਨ। ਉਨ੍ਹਾਂ ਧੀਆਂ ਨੂੰ ਇਸ ਦਾ ਜਵਾਬ ਵੋਟਾਂ ਨਾਲ ਦੇਣ ਦਾ ਸੱਦਾ ਦਿੱਤਾ।
ਮੋਦੀ ਨੇ ਕੇਂਦਰ ਸਰਕਾਰ ਦੀ ਆਯੂਸ਼ਮਾਨ ਯੋਜਨਾ, ਵਿਸ਼ਵਕਰਮਾ ਯੋਜਨਾ, ਵਨ ਰੈਂਕ ਵਨ ਪੈਨਸ਼ਨ ਯੋਜਨਾ, ਉੱਜਵਲਾ ਯੋਜਨਾ ਆਦਿ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਗਰੀਬ ਕਲਿਆਣ ਦੀ ਗਾਰੰਟੀ ਨੂੰ ਪੂਰਾ ਕਰ ਰਿਹਾ ਹੈ। ਇੱਕ ਹੋਰ ਗਰੰਟੀ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਂਵਲੀਆ ਸੇਠ ਦੇ ਚਰਨਾਂ ਵਿੱਚ ਬੈਠ ਕੇ ਉਹ ਗਾਰੰਟੀ ਦੇ ਰਹੇ ਹਨ ਕਿ ਰਾਜਸਥਾਨ ਵਿੱਚ ਹਰ ਗਰੀਬ, ਪਛੜੇ ਅਤੇ ਆਦਿਵਾਸੀ ਦਾ ਆਪਣਾ ਪੱਕਾ ਘਰ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
