ਨਵੀਂ ਦਿੱਲੀ, 21 ਦਸੰਬਰ (ਹਿ.ਸ.)। ਅਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਸ ਸਮਾਰੋਹ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਲੋਕ ਸਭਾ ਵਿਚ ਪਾਰਟੀ ਨੇਤਾ ਅਧੀਰ ਰੰਜਨ ਚੌਧਰੀ ਨੂੰ ਇਸ ਲਈ ਸੱਦਾ ਪੱਤਰ ਮਿਲੇ ਹਨ।
ਸੂਤਰਾਂ ਮੁਤਾਬਕ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਤਰਫੋਂ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਨਿੱਜੀ ਤੌਰ ‘ਤੇ ਸੱਦਾ ਪੱਤਰ ਭੇਜਿਆ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਇਸ ਸਮਾਰੋਹ ‘ਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ। ਇਨ੍ਹਾਂ ਨੇਤਾਵਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐੱਚ. ਡੀ. ਦੇਵਗੌੜਾ ਨੂੰ ਵੀ ਇਸ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਹੈ।
ਇਹ ਸੱਦੇ ਟਰੱਸਟ ਦੇ ਵਫ਼ਦ ਵੱਲੋਂ ਨਿੱਜੀ ਤੌਰ ‘ਤੇ ਵੰਡੇ ਗਏ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਰੋਧੀ ਧਿਰ ਦੇ ਹੋਰ ਆਗੂਆਂ ਨੂੰ ਵੀ ਭੇਜੇ ਜਾਣ ਦੀ ਉਮੀਦ ਹੈ। ਟਰੱਸਟ ਦੇ ਅਨੁਸਾਰ ਵੱਖ-ਵੱਖ ਪਰੰਪਰਾਵਾਂ ਦੇ ਉੱਘੇ ਸੰਤਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦਾ ਮਾਣ ਵਧਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਟਰੱਸਟ ਨੇ ਇਸ ਸਮਾਗਮ ਲਈ ਤੀਰਥਕਸ਼ੇਤਰਪੁਰਮ (ਬੇਗ ਬਿਜੈਸੀ) ਨਾਮ ਦਾ ਇੱਕ ਟੈਂਟ ਸਿਟੀ ਵੀ ਸਥਾਪਿਤ ਕੀਤਾ ਹੈ, ਜਿਸ ਵਿੱਚ ਜ਼ਰੂਰੀ ਸਹੂਲਤਾਂ ਜਿਵੇਂ ਕਿ ਟਿਊਬਵੈੱਲ, ਕੁੱਕ ਹਾਊਸ ਅਤੇ ਹਸਪਤਾਲ ਸ਼ਾਮਲ ਹੈ। ਦੇਸ਼ ਭਰ ਦੇ ਕਰੀਬ 150 ਡਾਕਟਰਾਂ ਨੇ ਰੋਟੇਸ਼ਨ ਦੇ ਆਧਾਰ ‘ਤੇ ਇਸ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਟਰੱਸਟ ਨੇ ਵੱਖ-ਵੱਖ ਸੰਪਰਦਾਵਾਂ ਦੇ ਲਗਭਗ 4,000 ਸੰਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
