ਰਾਂਚੀ, 03 ਜਨਵਰੀ (ਹਿ.ਸ.)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਅੱਜ ਸਵੇਰੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਮੀਡੀਆ ਸਲਾਹਕਾਰ ਅਭਿਸ਼ੇਕ ਪ੍ਰਸਾਦ ਉਰਫ਼ ਪਿੰਟੂ, ਸਾਹਿਬਗੰਜ ਦੇ ਡੀਸੀ ਰਾਮਨਿਵਾਸ ਯਾਦਵ ਅਤੇ ਵਿਧਾਇਕ ਪੱਪੂ ਯਾਦਵ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ ਹੈ। ਈਡੀ ਦੇ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਦੇ ਕਰੀਬ 10 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।
ਈਡੀ ਦੀ ਟੀਮ ਦੋ ਵਾਹਨਾਂ ਵਿੱਚ ਸਵੇਰੇ ਰਾਂਚੀ ਦੇ ਰਾਤੂ ਰੋਡ ‘ਤੇ ਸ਼ਿਵਪੁਰੀ ਸਥਿਤ ਅਭਿਸ਼ੇਕ ਪ੍ਰਸਾਦ ਦੇ ਘਰ ਪਹੁੰਚੀ ਅਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਈਡੀ ਵੱਲੋਂ ਵਿਨੋਦ ਸਿੰਘ ਅਤੇ ਰੋਸ਼ਨ ਦੇ ਰਾਤੂ ਰੋਡ ‘ਤੇ ਪਿਸਕਾ ਮੋਡ ਸਥਿਤ ਰਿਹਾਇਸ਼ਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਸਾਰਿਆਂ ਦੇ ਘਰਾਂ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਝਾਰਖੰਡ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਰਾਜਸਥਾਨ ‘ਚ ਵੀ ਈਡੀ ਨੇ ਕੁਝ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
ਦੱਸਿਆ ਗਿਆ ਹੈ ਕਿ ਅਭਿਸ਼ੇਕ ਪ੍ਰਸਾਦ ਉਰਫ਼ ਪਿੰਟੂ (ਮੀਡੀਆ ਸਲਾਹਕਾਰ, ਸੀਐਮ ਹੇਮੰਤ ਸੋਰੇਨ), ਆਈ. ਏ. ਐੱਸ. ਰਾਮਨਿਵਾਸ ਯਾਦਵ (ਡਿਪਟੀ ਕਮਿਸ਼ਨਰ, ਸਾਹੇਬਗੰਜ ਅਤੇ ਰਾਜਸਥਾਨ ’ਚ ਰਿਹਾਇਸ਼), ਆਰਕੀਟੈਕਟ ਵਿਨੋਦ ਕੁਮਾਰ, ਖੋੜਨਿਆ ਬ੍ਰਦਰਜ਼ (ਸਾਹਿਬਗੰਜ), ਪੱਪੂ ਯਾਦਵ (ਦੇਵਘਰ), ਡੀ. ਐੱਸ. ਪੀ. ਰਾਜਿੰਦਰ ਦੂਬੇ (ਹਜ਼ਾਰੀਬਾਗ ਅਤੇ ਹੋਰ ਥਾਵਾਂ), ਅਭੈ ਸਰਾਓਗੀ (ਕੋਲਕਾਤਾ) ਅਤੇ ਅਵਧੇਸ਼ ਕੁਮਾਰ ਦੇ ਟਿਕਾਣਿਆਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਨਾਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
